ਭਾਰਤ ਦੀ ਨੀਂਹ ਹੈ ਸਨਾਤਨ ਧਰਮ ’ਚ : ਧਨਖੜ
Friday, Feb 28, 2025 - 07:52 PM (IST)

ਕੋਲਕਾਤਾ, (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤ ਦੀ ਡੂੰਘੀ ਅਧਿਆਤਮਿਕਤਾ ਤੇ ਪੁਰਾਤਨ ਸਭਿਅਤਾ ਨੂੰ ਰੇਖਾਂਕਿਤ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਨੀਂਹ ਸਨਾਤਨ ਧਰਮ ’ਚ ਹੀ ਹੈ।
ਅਧਿਆਤਮਿਕ ਗੁਰੂ ਸ਼੍ਰੀਲਾ ਪ੍ਰਭੂਪਾਦ ਦੇ 150ਵੇਂ ਜਨਮ ਦਿਨ ’ਤੇ ਇੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਭਾਰਤ ਜੋ ਲੰਬੇ ਸਮੇਂ ਤੋਂ ਅਹਿੰਸਾ, ਸ਼ਾਂਤੀ ਤੇ ਭਾਈਚਾਰੇ ਦੇ ਆਪਣੇ ਸੰਦੇਸ਼ ਰਾਹੀਂ ਦੁਨੀਆ ਦਾ ਮਾਰਗਦਰਸ਼ਨ ਕਰ ਰਿਹਾ ਹੈ, ਇਕ ਦਿਨ ਵਿਸ਼ਵ ਨੇਤਾ ਬਣੇਗਾ।
ਉਨ੍ਹਾਂ ਕਿਹਾ ਕਿ ਸਨਾਤਨ ਦਾ ਅਰਥ ਸਮਾਵੇਸ਼, ਵਿਸ਼ਵ ਪੱਧਰੀ ਕਦਰਾਂ-ਕੀਮਤਾਂ ਤੇ ਦੇਸ਼ ਭਗਤੀ ਹੈ। ਇਸ ਦਾ ਅਰਥ ਜਾਤ, ਧਰਮ ਤੇ ਆਰਥਿਕ ਵੰਡ ਤੋਂ ਉੱਪਰ ਉੱਠਣਾ ਵੀ ਹੈ।
ਭਾਰਤ ਦੀ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਨੂੰ ਛੱਡ ਕੇ ਦੁਨੀਆ ਦੇ ਕਿਸੇ ਵੀ ਦੇਸ਼ ’ਚ 5,000 ਸਾਲ ਪੁਰਾਣੀ ਸੰਸਕ੍ਰਿਤੀ ਨਹੀਂ ਹੈ। ਭਾਰਤ ਦੁਨੀਆ ਦਾ ਅਧਿਆਤਮਿਕ ਕੇਂਦਰ ਰਿਹਾ ਹੈ। ਸਾਨੂੰ ਇਸ ਰਫਤਾਰ ਨੂੰ ਬਣਾਈ ਰੱਖਣਾ ਹੋਵੇਗਾ।
ਧਨਖੜ ਨੇ 1,000-1,200 ਸਾਲ ਪਹਿਲਾਂ ਨਾਲੰਦਾ ਤੇ ਤਕਸ਼ਿਲਾ ਵਰਗੀਆਂ ਮਸ਼ਹੂਰ ਯੂਨੀਵਰਸਿਟੀਆਂ ’ਤੇ ਹੋਏ ਹਮਲਿਆਂ ’ਤੇ ਵੀ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਜ਼ੁਲਮ ਵੇਖੇ। ਫਿਰ ਵੀ ਅਸੀਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਗਏ। ਹੁਣ ਭਾਰਤ ਦੁਬਾਰਾ ਵਿਕਾਸ ਤੇ ਤਰੱਕੀ ਦੀ ਰਾਹ ’ਤੇ ਚੱਲ ਰਿਹਾ ਹੈ ਜੋ ਅਧਿਆਤਮਿਕ ਵਿਕਾਸ ਤੋਂ ਬਿਨਾਂ ਸੰਭਵ ਨਹੀਂ ਹੈ।