ਭਾਰਤ ''ਚ ਗੁਆਂਢੀ ਦੇਸ਼ਾਂ ਦੀ ਤੁਲਨਾ ''ਚ ਕਿਫ਼ਾਇਤੀ ਹੈ ਰੇਲ ਯਾਤਰਾ : ਅਸ਼ਵਨੀ ਵੈਸ਼ਨਵ
Wednesday, Dec 10, 2025 - 03:20 PM (IST)
ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਕਿਹਾ ਕਿ ਗੁਆਂਢੀ ਦੇਸ਼ਾਂ ਦੀ ਤੁਲਨਾ 'ਚ ਭਾਰਤ 'ਚ ਰੇਲ ਟਿਕਟ ਦੀਆਂ ਕੀਮਤਾਂ ਸਭ ਤੋਂ ਸਸਤੀਆਂ ਹਨ ਅਤੇ ਭਾਰਤੀ ਰੇਲ ਨੇ ਇਸ ਬਾਰੇ ਪਿਛਲੇ ਸਾਲ 60,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀ। ਲੋਕ ਸਭਾ 'ਚ ਕਾਂਗਰਸ ਮੈਂਬਰ ਐੱਮ. ਕੇ. ਵਿਸ਼ਨੂੰ ਪ੍ਰਸਾਦ ਦੇ ਇਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਰੇਲ ਮੰਤਰੀ ਨੇ ਇਹ ਗੱਲ ਕਹੀ। ਕਾਂਗਰਸ ਸੰਸਦ ਮੈਂਬਰ ਨੇ ਪੁੱਛਿਆ ਸੀ ਕਿ ਕੀ ਸਰਕਾਰ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੀ ਤਰ੍ਹਾਂ ਸੀਨੀਅਰ ਨਾਗਰਿਕਾਂ ਨੂੰ ਰੇਲ ਟਿਕਟ 'ਤੇ ਮਿਲਣ ਵਾਲੀ ਛੂਟ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਉੱਤਰ 'ਚ ਵੈਸ਼ਨਵ ਨੇ ਕਿਹਾ ਕਿ ਭਾਰਤ 'ਚ ਟਿਕਟਾਂ ਦੀਆਂ ਕੀਮਤਾਂ ਵਿਕਸਿਤ ਦੇਸ਼ਾਂ ਦੀਆਂ ਕੀਮਤਾਂ ਦਾ ਲਗਭਗ 5 ਜਾਂ 10 ਫੀਸਦੀ ਹੈ। ਮੰਤਰੀ ਨੇ ਪ੍ਰਸ਼ਨਕਾਲ ਦੌਰਾਨ ਕਿਹਾ,''ਗੁਆਂਢੀ ਦੇਸ਼ਾਂ ਦੀ ਤੁਲਨਾ 'ਚ ਵੀ ਟਿਕਟ ਦੀ ਕੀਮਤ ਬਹੁਤ, ਬਹੁਤ ਸਸਤੀ ਰੱਖੀ ਗਈ ਹੈ।'' ਉਨ੍ਹਾਂ ਕਿਹਾ ਕਿ ਪਿਛਲੇ ਸਾਲ, ਭਾਰਤੀ ਰੇਲਵੇ ਨੇ ਲਗਭਗ 60,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀ ਤਾਂ ਕਿ ਯਾਤਰੀ ਟਰਾਂਸਪੋਰਟ ਸਸਤਾ ਬਣਿਆ ਰਹੇ। ਵੈਸ਼ਨਵ ਨੇ ਕਿਹਾ,''ਸਾਡੇ ਗੁਆਂਢੀ ਦੇਸ਼ਾਂ ਦੀ ਤੁਲਨਾ 'ਚ ਵੀ, ਭਾਰਤ ਆਪਣੇ ਨਾਗਰਿਕਾਂ ਜਾਂ ਯਾਤਰੀਆਂ ਨੂੰ ਸਭ ਤੋਂ ਸਸਤਾ ਟਰਾਂਸਪੋਰਟ ਸਾਧਨ ਉਪਲੱਬਧ ਕਰਵਾ ਰਿਹਾ ਹੈ।''
