ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਕ ਪੁਲ ਤੋਂ ਹੋ ਕੇ ਪਹਿਲੀ ਵਾਰ ਰਿਆਸੀ ਸਟੇਸ਼ਨ ਪਹੁੰਚੀ ਰੇਲਗੱਡੀ

06/21/2024 12:11:42 AM

ਰਿਆਸੀ, (ਨਰਿੰਦਰ)- ਰੇਲਗੱਡੀ ਰਾਹੀਂ ਕਸ਼ਮੀਰ ਜਾਣ ਵਾਲਿਆਂ ਦਾ ਸੁਪਨਾ ਬਹੁਤ ਜਲਦੀ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਵੀਰਵਾਰ ਨੂੰ 272 ਕਿਲੋਮੀਟਰ ਲੰਬੇ ਊਧਮਪੁਰ-ਸ਼੍ਰੀਨਗਰ ਬਾਰਾਮੁੱਲਾ ਰੇਲ ਲਿੰਕ (ਯੂ. ਐੱਸ. ਬੀ. ਆਰ. ਐੱਲ.) ਪ੍ਰਾਜੈਕਟ ’ਚ ਕਟੜਾ ਬਨਿਹਾਲ ਸੈਕਸ਼ਨ ਦੇ ਵਿਚਕਾਰ ਸੰਗਲਦਾਨ ਤੋਂ ਰਿਆਸੀ ਦੇ 46 ਕਿਲੋਮੀਟਰ ਦੇ ਟ੍ਰੈਕ ’ਤੇ ਵੀਰਵਾਰ ਨੂੰ ਪਹਿਲੀ ਵਾਰ ਰੇਲਗੱਡੀ ਚਿਨਾਬ ਦਰਿਆ ’ਤੇ ਦੁਨੀਆ ਦੀ ਸਭ ਤੋਂ ਉੱਚੇ ਰੇਲਵੇ ਆਰਕ ਪੁਲ ਤੋਂ ਹੋ ਕੇ ਰਿਆਸੀ ਸਟੇਸ਼ਨ ਪਹੁੰਚੀ। ਇਸ ਮੌਕੇ ਰਿਆਸੀ ਸਟੇਸ਼ਨ ਭਾਰਤ ਮਾਤਾ ਦੇ ਨਾਅਰਿਆਂ ਨਾਲ ਗੂੰਜ ਉੱਠਿਆ।

ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਰੇਲਗੱਡੀ ਪਹੁੰਚਾਉਣ ਲਈ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਪ੍ਰਾਜੈਕਟ ਦੇ ਕਟੜਾ-ਬਨਿਹਾਲ ਸੈਕਸ਼ਨ ਦੇ ਵਿਚਕਾਰ ਸੰਗਲਦਾਨ (ਰਾਮਬਨ) ਤੋਂ 10 ਬੋਗੀਆਂ ਵਾਲੀ ਰੇਲਗੱਡੀ ਦਾ ਟ੍ਰਾਇਲ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫਲ ਰਿਹਾ।

ਵੀਰਵਾਰ ਨੂੰ ਲੱਗਭਗ ਦੁਪਹਿਰ 12 ਵਜੇ ਦੇ ਕਰੀਬ ਰੇਲਗੱਡੀ 10 ਬੋਗੀਆਂ ਨਾਲ ਸੰਗਲਦਾਨ ਤੋਂ ਰਿਆਸੀ ਸਟੇਸ਼ਨ ਲਈ ਰਵਾਨਾ ਹੋਈ ਅਤੇ ਦੁਪਹਿਰ 2 ਵਜੇ ਦੇ ਕਰੀਬ ਰਿਆਸੀ ਰੇਲਵੇ ਸਟੇਸ਼ਨ ਪਹੁੰਚੀ। ਰੇਲਗੱਡੀ ’ਚ ਪ੍ਰਾਜੈਕਟ ’ਤੇ ਕੰਮ ਕਰ ਰਹੇ ਕਰਮਚਾਰੀਆਂ ਤੋਂ ਇਲਾਵਾ ਰੇਲਵੇ ਅਧਿਕਾਰੀ ਵੀ ਮੌਜੂਦ ਸਨ।

ਦੱਸਿਆ ਜਾ ਰਿਹਾ ਹੈ ਕਿ ਰਿਆਸੀ ਤੋਂ ਕਸ਼ਮੀਰ ਤੱਕ ਟਰੇਨ ਨੂੰ ਜਲਦੀ ਹੀ ਚਲਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਸੰਗਲਦਾਨ ਤੋਂ ਰਿਆਸੀ ਤੱਕ ਰੇਲਵੇ ਇੰਜਣ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ। ਸੰਗਲਦਾਨ ਤੋਂ ਰਿਆਸੀ ਤੱਕ ਟਰੇਨ ਚਲਾਉਣ ਦੇ ਸਫਲ ਪ੍ਰੀਖਣ ਤੋਂ ਬਾਅਦ ਲੋਕਾਂ ’ਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ।

ਇਹ ਪ੍ਰਾਜੈਕਟ ਪੜਾਅਵਾਰ ਮੁਕੰਮਲ ਕੀਤਾ ਜਾ ਰਿਹਾ ਹੈ। ਸਾਲ 2009 ਦੇ ਅਕਤੂਬਰ ਮਹੀਨੇ ਵਿਚ ਬਾਰਾਮੁੱਲਾ ਤੋਂ ਕਾਜ਼ੀਕੁੰਡ ਤੱਕ 118 ਕਿਲੋਮੀਟਰ ਲੰਬੇ ਟ੍ਰੈਕ ’ਤੇ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ। ਜੂਨ ਸਾਲ 2013 ਵਿਚ ਕਾਜ਼ੀਕੁੰਡ ਬਨਿਹਾਲ ਦਾ 18 ਕਿਲੋਮੀਟਰ ਲੰਬਾ ਟਰੈਕ ਵੀ ਰੇਲ ਆਵਾਜਾਈ ਨਾਲ ਜੁੜ ਗਿਆ। ਊਧਮਪੁਰ ਤੋਂ ਕਟੜਾ ਤੱਕ 25 ਕਿਲੋਮੀਟਰ ਰੇਲ ਟ੍ਰੈਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ 2014 ਵਿਚ ਕੀਤਾ ਸੀ।

ਬੀਤੀ 20 ਫਰਵਰੀ ਨੂੰ ਬਨਿਹਾਲ ਤੋਂ ਸੰਗਲਦਾਨ ਟ੍ਰੈਕ ’ਤੇ ਟਰੇਨ ਚੱਲਣੀ ਸ਼ੁਰੂ ਹੋਈ ਸੀ। ਉਸਨੂੰ ਹਰੀ ਝੰਡੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਖਾਈ ਸੀ ਅਤੇ ਹੁਣ ਇਸ ਦੇ ਅਗਲੇ ਪੜਾਅ ’ਚ ਸੰਗਲਦਾਨ ਤੋਂ ਰਿਆਸੀ ਸਟੇਸ਼ਨ ਤੱਕ 46 ਕਿਲੋਮੀਟਰ ਦੇ ਟ੍ਰੈਕ ’ਤੇ ਪਹੁੰਚਣ ਦੀ ਤਿਆਰੀ ਵਿਚ ਬੀਤੇ ਐਤਵਾਰ ਨੂੰ ਪਹਿਲੀ ਵਾਰ ਸੰਗਲਦਾਨ ਤੋਂ ਰਿਆਸੀ ਸਟੇਸ਼ਨ ਤੱਕ ਇੰਜਣ ਪਹੁੰਚਾਇਆ ਗਿਆ ਸੀ, ਜਦਕਿ ਵੀਰਵਾਰ ਨੂੰ ਦੂਜੀ ਵਾਰ 10 ਬੋਗੀਆਂ ਸਮੇਤ ਰੇਲਗੱਡੀ ਨੂੰ ਵੀ ਪਹੁੰਚਾਇਆ ਗਿਆ।


Rakesh

Content Editor

Related News