ਭਾਰਤ ਆਪਣੇ ਨਾਗਰਿਕਾਂ ਅਤੇ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਕਿਸੇ ਹੱਦ ਤੱਕ ਵੀ ਜਾਏਗਾ : ਰਾਜਨਾਥ

Friday, Oct 03, 2025 - 09:06 PM (IST)

ਭਾਰਤ ਆਪਣੇ ਨਾਗਰਿਕਾਂ ਅਤੇ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਕਿਸੇ ਹੱਦ ਤੱਕ ਵੀ ਜਾਏਗਾ : ਰਾਜਨਾਥ

ਹੈਦਰਾਬਾਦ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਾਸ਼ਟਰੀ ਜਮਹੂਰੀ ਗੱਠਜੋੜ ਰਾਜਗ) ਸਰਕਾਰ ਨੇ 2016 ਦੀ ਸਰਜੀਕਲ ਸਟ੍ਰਾਈਕ, 2019 ਦੇ ਬਾਲਾਕੋਟ ਹਵਾਈ ਹਮਲੇ ਤੇ ਕੁਝ ਮਹੀਨੇ ਪਹਿਲਾਂ ਹੋਏ ਆਪ੍ਰੇਸ਼ਨ ਸਿੰਧੂਰ ਰਾਹੀਂ ਵਿਖਾਇਆ ਹੈ ਕਿ ਦੇਸ਼ ਆਪਣੇ ਨਾਗਰਿਕਾਂ ਤੇ ਇਸ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਲੋੜ ਪੈਣ ’ਤ ਕਿਸੇ ਵੀ ਹੱਦ ਤਕ ਜਾ ਸਕਦਾ ਹੈ।

ਸ਼ੁੱਕਰਵਾਰ ਜੈਨ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜ਼ੇਸ਼ਨ (ਜੀ. ਆਈ. ਟੀ. ਓ.) ਵੱਲੋਂ ਇੱਥੇ ਆਯੋਜਿਤ ‘ਜੀ. ਆਈ. ਟੀ. ਓ. ਕਨੈਕਟ’ ਸਮਾਗਮ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ’ਚ ਮਾਸੂਮ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਕਤਲ ਕੀਤਾ ਗਿਅਾ ਸੀ ਪਰ ਭਾਰਤ ਨੇ ਪਾਕਿਸਤਾਨ ’ਚ ਅੱਤਵਾਦੀਆਂ ਵਿਰੁੱਧ ਹਮਲੇ ਕਰਦੇ ਸਮੇਂ ਧਰਮ ਦੇ ਆਧਾਰ ’ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਸੀਂ ਉੱਥੇ ਕਿਸੇ ਵੀ ਫੌਜੀ ਜਾਂ ਨਾਗਰਿਕ ਸੰਸਥਾ ’ਤੇ ਹਮਲਾ ਨਹੀਂ ਕੀਤਾ। ਜੇ ਅਸੀਂ ਚਾਹੁੰਦੇ ਤਾਂ ਅਜਿਹਾ ਕਰ ਸਕਦੇ ਸੀ ਪਰ ਅਸੀਂ ਨਹੀਂ ਕੀਤਾ।

ਰੱਖਿਅਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫੌਜੀ ਤੇ ਆਰਥਿਕ ਸ਼ਕਤੀ ਵਧਾਉਣ ’ਤੇ ਧਿਆਨ ਦਬਦਬਾ ਹਾਸਲ ਕਰਨਾ ਨਹੀਂ ਸਗੋਂ ਭਗਵਾਨ ਮਹਾਵੀਰ ਜੀ ਦੀਆਂ ਸਿੱਖਿਆਵਾਂ ’ਚ ਦਰਸਾਏ ਗਏ ਧਰਮ, ਭਰੋਸਾ ਤੇ ਮਨੁੱਖੀ ਕਦਰਾਂ-ਕੀਮਤਾਂ ’ਚ ਜੜ੍ਹਾਂ ਵਾਲੇ ਆਦਰਸ਼ਾਂ ਦੀ ਰੱਖਿਆ ਕਰਨਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੇ ਮਾਣ ਤੇ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਦੇ ਵੀ ਸਮਝੌਤਾ ਨਹੀਂ ਕੀਤਾ। ਭਾਵੇਂ ਇਹ 2016 ਦੀ ਸਰਜੀਕਲ ਸਟ੍ਰਾਈਕ ਹੋਵੇ, 2019 ਦੇ ਹਵਾਈ ਹਮਲੇ ਹੋਣ ਜਾਂ 2025 ਦਾ ਆਪ੍ਰੇਸ਼ਨ ਸਿੰਧੂਰ, ਅਸੀਂ ਸਾਬਤ ਕੀਤਾ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਅਤੇ ਹਰ ਨਾਗਰਿਕ ਤੇ ਦੇਸ਼ ਦੀ ਰੱਖਿਆ ਲਈ, ਜਦੋਂ ਵੀ ਲੋੜ ਪਈ, ਕੋਈ ਵੀ ਸਰਹੱਦ ਪਾਰ ਕਰਾਂਗੇ।


author

Hardeep Kumar

Content Editor

Related News