BLA ਨੇ ਪਾਕਿਸਤਾਨ ਨੂੰ ਕੈਦੀਆਂ ਦੀ ਅਦਲਾ-ਬਦਲੀ ਲਈ ਦਿੱਤੀ ਸਮਾਂ ਹੱਦ
Monday, Feb 16, 2026 - 12:46 PM (IST)
ਗੁਰਦਾਸਪੁਰ/ਬਲੋਚਿਸਤਾਨ (ਵਿਨੋਦ) : ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਦੇ ਮੀਡੀਆ ਵਿੰਗ ‘ਹੱਕਲ’ ਵਲੋਂ ਜਾਰੀ ਇਕ ਬਿਆਨ ਵਿਚ ਬੀ.ਐੱਲ.ਏ. ਦੇ ਬੁਲਾਰੇ ਜੀਯਾਂਦ ਬਲੋਚ ਨੇ ਦਾਅਵਾ ਕੀਤਾ ਹੈ ਕਿ ਗਰੁੱਪ ਨੇ ‘ਆਪ੍ਰੇਸ਼ਨ ਹੇਰੋਫ’ ਦੇ ਦੂਜੇ ਪੜਾਅ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਦੇ 17 ਮੈਂਬਰਾਂ ਨੂੰ ਹਿਰਾਸਤ ’ਚ ਲਿਆ ਹੈ। ਇਨ੍ਹਾਂ ’ਚੋਂ 10 ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ 7 ਅਜੇ ਵੀ ਹਿਰਾਸਤ ਵਿਚ ਹਨ ਅਤੇ ਉਨ੍ਹਾਂ ਦੀ ਕਿਸਮਤ ਪਾਕਿਸਤਾਨੀ ਫੌਜ ਵਲੋਂ ਕੈਦੀਆਂ ਦੀ ਅਦਲਾ-ਬਦਲੀ ’ਤੇ ਨਿਰਭਰ ਕਰਦੀ ਹੈ।
ਬੀ.ਐੱਲ.ਏ. ਅਨੁਸਾਰ ਜਿਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਸਥਾਨਕ ਪੁਲਸ ਢਾਂਚੇ ਨਾਲ ਜੁੜੇ ਨਸਲੀ ਬਲੋਚਾਂ ਵਜੋਂ ਹੋਈ ਹੈ, ਜਿਨ੍ਹਾਂ ਵਿਚ ‘ਲੇਵੀ’ ਦੇ ਲੋਕ ਵੀ ਸ਼ਾਮਲ ਸਨ। ਬਾਕੀ ਕੈਦੀਆਂ ਨੂੰ ਬੀ.ਐੱਲ.ਏ. ਨੇ ਪਾਕਿਸਤਾਨੀ ਫੌਜ ਦੀਆਂ ਰੈਗੂਲਰ ਯੂਨਿਟਾਂ ਦੇ ਮੈਂਬਰ ਦੱਸਿਆ ਹੈ।
ਬੀ.ਐੱਲ.ਏ. ਲੀਡਰਸ਼ਿਪ ਦਾ ਕਹਿਣਾ ਹੈ ਕਿ ਉਸ ਨੇ ਇਸਲਾਮਾਬਾਦ ਨੂੰ ਜੰਗੀ ਕੈਦੀਆਂ ਦੀ ਅਦਲਾ-ਬਦਲੀ ਲਈ ਆਪਣੀ ਤਿਆਰੀ ਦਿਖਾਉਣ ਵਾਸਤੇ 7 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਇਸ ਸਮਾਂ ਹੱਦ ਅੰਦਰ ਅਜਿਹੀ ਇੱਛਾ ਦਿਖਾਈ ਜਾਂਦੀ ਹੈ ਤਾਂ ਗਰੁੱਪ ਦਾ ਦਾਅਵਾ ਹੈ ਕਿ ਇਨ੍ਹਾਂ 7 ਕੈਦੀਆਂ ਨੂੰ ਬਲੋਚ ਕੈਦੀਆਂ ਦੇ ਬਦਲੇ ਰਿਹਾਅ ਕੀਤਾ ਜਾ ਸਕਦਾ ਹੈ।
