ਭਾਰਤ ਨੇ ਅਮਰੀਕੀ ਵਸਤਾਂ 'ਤੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਰੱਦ
Tuesday, May 14, 2019 - 08:34 PM (IST)

ਨਵੀਂ ਦਿੱਲੀ/ਵਾਸ਼ਿੰਗਟਨ - ਭਾਰਤ ਨੇ ਅਮਰੀਕੀ ਵਸਤਾਂ 'ਤੇ ਲੱਗਣ ਵਾਲੇ ਇੰਪੋਰਟ ਡਿਊਟੀ ਨੂੰ ਵਧਾਉਣ ਦੇ ਫੈਸਲੇ ਨੂੰ 16 ਜੂਨ ਤੱਕ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ 'ਚ ਬਣਨ ਵਾਲੀ ਨਵੀਂ ਸਰਕਾਰ ਇਸ ਨੂੰ ਲੈ ਕੇ ਵੱਡਾ ਫੈਸਲਾ ਕਰ ਸਕਦੀ ਹੈ। ਭਾਰਤ ਵੱਡੀ ਗਿਣਤੀ 'ਚ ਅਮਰੀਕਾ ਤੋਂ ਉਤਪਾਦ ਇੰਪੋਰਟ ਕਰਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਬਣਾਏ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਕਿਹਾ ਸੀ ਕਿ ਭਾਰਤ ਬਹੁਤ ਵੱਧ ਡਿਊਟੀ ਲਾਉਣ ਵਾਲਾ ਦੇਸ਼ ਹੈ। ਉਨ੍ਹਾਂ ਆਖਿਆ ਕਿ ਉਹ ਬਰਾਬਰ ਟੈਕਸ ਜਾਂ ਫਿਰ ਘਟੋਂ-ਘੱਟ ਇਕ ਆਮ ਟੈਕਸ ਚਾਹੁੰਦੇ ਹਨ। ਟਰੰਪ ਨੇ ਕੰਜ਼ਰਵੇਟਿਵ ਪਾਲਿਟੀਕਲ ਐਕਸ਼ਨ ਕਾਨਫਰੰਸ (ਸੀ. ਪੀ. ਏ. ਸੀ.) ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਬਹੁਤ ਵੱਧ ਡਿਊਟੀ ਲਾਉਣ ਵਾਲਾ ਦੇਸ਼ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 100 ਫੀਸਦੀ ਸ਼ੁਲਕ ਲਗਾਉਂਦਾ ਹੈ ਹਾਲਾਂਕਿ ਮੈਂ, ਤੁਹਾਡੇ 'ਤੇ 100 ਫੀਸਦੀ ਸ਼ੁਲਕ ਨਹੀਂ ਲਾਉਣ ਜਾ ਰਿਹਾ ਪਰ 25 ਫੀਸਦੀ ਦਾ ਸ਼ੁਲਕ ਜ਼ਰੂਰ ਲਾ ਰਿਹਾ ਹਾਂ। ਇਸ ਕਦਮ 'ਤੇ ਸੰਸਦ 'ਚ ਹੰਗਾਮਾ ਹੋ ਰਿਹਾ ਹੈ ਕਿਉਂਕਿ ਅਸੀਂ 25 ਫੀਸਦੀ ਦਾ ਸ਼ੁਲਕ ਲਾਉਣ ਜਾ ਰਹੇ ਹਾਂ।