ਲੱਦਾਖ ''ਚ ਫੇਲ੍ਹ ਹੋਈ ਗੱਲਬਾਤ ਤਾਂ ਸਾਡੀ ਫ਼ੌਜ ਜਵਾਬ ਦੇਣ ਲਈ ਤਿਆਰ : ਬਿਪਿਨ ਰਾਵਤ

08/24/2020 10:26:29 AM

ਨਵੀਂ ਦਿੱਲੀ— ਭਾਰਤ-ਚੀਨ ਵਿਚਾਲੇ ਜਾਰੀ ਸਰਹੱਦੀ ਵਿਵਾਦ 'ਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਚੀਨ ਨਾਲ ਗੱਲਬਾਤ ਨਾਕਾਮ ਹੁੰਦੀ ਹੈ ਤਾਂ ਉਨ੍ਹਾਂ ਨਾਲ ਨਜਿੱਠਣ ਲਈ ਫ਼ੌਜੀ ਬਦਲ ਵੀ ਤਿਆਰ ਹੈ। ਇਸ ਬਦਲ 'ਤੇ ਵਿਚਾਰ ਫ਼ੌਜੀ ਅਤੇ ਡਿਪਲੋਮੈਟਿਕ ਪੱਧਰ 'ਤੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਕੀਤਾ ਜਾਵੇਗਾ। ਜਨਰਲ ਰਾਵਤ ਨੇ ਇਕ ਅਖ਼ਬਾਰ ਨਾਲ ਗੱਲਬਾਤ ਵਿਚ ਕਿਹਾ ਕਿ ਕੂਟਨੀਤਕ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰਾਸ਼ਟਰੀ ਸੁਰੱਖਿਆ ਦੇ ਜ਼ਿੰਮੇਵਾਰ ਲੋਕ ਇਸ ਕੋਸ਼ਿਸ਼ ਨਾਲ ਸਾਰੇ ਬਦਲਾਂ 'ਤੇ ਵਿਚਾਰ ਕਰ ਰਹੇ ਹਨ ਲੱਦਾਖ ਵਿਚ ਪਹਿਲਾਂ ਵਰਗੇ ਹਾਲਾਤ ਪਰਤ ਆਉਣ।

ਜ਼ਿਕਰਯੋਗ ਹੈ ਕਿ ਚੀਨ ਅਜੇ ਵੀ ਪੈਗੋਂਗ ਦੇ ਇਲਾਕੇ 'ਚ ਡਟਿਆ ਹੋਇਆ ਹੈ। ਉਹ ਫਿੰਗਰ-5 ਤੋਂ ਪਿੱਛੇ ਜਾਣ ਲਈ ਤਿਆਰ ਨਹੀਂ ਹੈ। ਰਾਵਤ ਨੇ ਕਿਹਾ ਕਿ ਸਰਕਾਰ ਸ਼ਾਂਤੀਪੂਰਨ ਢੰਗ ਨਾਲ ਮਾਮਲਾ ਸੁਲਝਾਉਣਾ ਚਾਹੁੰਦੀ ਹੈ। ਰੱਖਿਆ ਸੇਵਾਵਾਂ ਦਾ ਕੰਮ ਨਿਗਰਾਨੀ ਰੱਖਣਾ ਅਤੇ ਅਜਿਹੇ ਕਬਜ਼ਿਆਂ ਨੂੰ ਘੁਸਪੈਠ 'ਚ ਤਬਦੀਲ ਹੋਣ ਤੋਂ ਰੋਕਣਾ ਹੈ। ਸਰਕਾਰ ਚਾਹੁੰਦੀ ਹੈ ਕਿ ਸ਼ਾਂਤੀਪੂਰਨ ਤਰੀਕੇ ਨਾਲ ਮੁੱਦੇ ਨੂੰ ਸੁਲਝਾਇਆ ਜਾਵੇ। ਜੇਕਰ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਹਾਲਾਤ ਪਹਿਲਾਂ ਵਾਂਗ ਬਹਾਲ ਕਰਨ ਦੀ ਕੋਸ਼ਿਸ਼ ਸਫਲ ਨਹੀਂ ਹੁੰਦੀ ਤਾਂ ਫ਼ੌਜੀ ਕਾਰਵਾਈ ਲਈ ਰੱਖਿਆ ਸੇਵਾਵਾਂ ਹਮੇਸ਼ਾ ਤਿਆਰ ਹਨ। 

ਦੱਸ ਦੇਈਏ ਕਿ ਐੱਲ. ਏ. ਸੀ. 'ਤੇ ਵਿਵਾਦ ਸੁਲਝਾਉਣ ਲਈ ਭਾਰਤ ਅਤੇ ਚੀਨ ਵਿਚਾਲੇ ਕਈ ਵਾਰ ਫ਼ੌਜੀ ਵਾਰਤਾ ਹੋ ਚੁੱਕੀ ਹੈ। ਇਸ ਵਿਚ ਲੈਫਟੀਨੈਂਟ ਜਨਰਲ ਪੱਧਰ ਦੀ ਵਾਰਤਾ ਸ਼ਾਮਲ ਹੈ। ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਚੀਨ ਨਾਲ ਗੱਲ ਕਰ ਰਹੇ ਹਨ। ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਪੂਰਬੀ ਲੱਦਾਖ ਵਿਚ ਤਣਾਅ ਘੱਟ ਨਹੀਂ ਹੋ ਰਿਹਾ ਹੈ। ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਕਹਿ ਚੁੱਕੇ ਹਨ ਕਿ ਫ਼ੌਜ ਹਾਈ ਅਲਰਟ 'ਤੇ ਹੈ। ਗੌਰਤਲਬ ਹੈ ਕਿ 15 ਜੂਨ ਨੂੰ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪਾਂ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਤਣਾਅ ਕਈ ਗੁਣਾ ਵੱਧ ਗਿਆ।


Tanu

Content Editor

Related News