12 ਘੰਟੇ ਤੱਕ ਚੱਲੀ ਭਾਰਤ-ਚੀਨ ਦੀਆਂ ਫੌਜਾਂ ਦਰਮਿਆਨ ਵਾਰਤਾ, ਤਣਾਅ ਘੱਟ ਕਰਨ ''ਤੇ ਰਿਹਾ ਜ਼ੋਰ
Wednesday, Jul 01, 2020 - 05:06 PM (IST)
ਨਵੀਂ ਦਿੱਲੀ- ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਮੰਗਲਵਾਰ ਨੂੰ ਕਰੀਬ 12 ਘੰਟੇ ਦੀ ਕਮਾਂਡਰ ਪੱਧਰੀ ਵਾਰਤਾ 'ਚ ਪਹਿਲ ਦੇ ਨਾਲ ਜਲਦ, ਚਰਨਬੱਧ ਤਰੀਕੇ ਨਾ ਤਣਾਅ ਘਟਾਉਣ 'ਤੇ ਜ਼ੋਰ ਦਿੱਤਾ। ਫੌਜ ਸੂਤਰਾਂ ਨੇ ਇਸ ਬਾਰੇ ਦੱਸਿਆ ਹੈ। ਪੂਰਬੀ ਲੱਦਾਖ 'ਚ 7 ਹਫ਼ਤਿਆਂ ਤੋਂ ਦੋਹਾਂ ਫੌਜਾਂ ਦਰਮਿਆਨ ਵਧੇ ਤਣਾਅ ਨੂੰ ਖਤਮ ਕਰਨ ਦੇ ਮਕਸਦ ਨਾਲ ਕਮਾਂਡਰ ਪੱਧਰੀ ਵਾਰਤਾ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਹੋਈ ਚਰਚਾ ਤੋਂ ਜ਼ਾਹਰ ਹੁੰਦਾ ਹੈ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਤਣਾਅ ਘਟਾਉਣ ਲਈ ਦੋਵੇਂ ਪੱਖ ਵਚਨਬੱਧ ਹਨ।
ਆਪਸੀ ਸਹਿਮਤੀ ਯੋਗ ਹੱਲ 'ਤੇ ਪਹੁੰਚਣ ਲਈ ਫੌਜ, ਕੂਟਨੀਤਕ ਪੱਧਰ 'ਤੇ ਹੋਰ ਬੈਠਕਾਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸਲ ਕੰਟਰੋਲ ਰੇਖਾ ਦੇ ਪਿੱਛੇ ਹੱਟਣ ਦੀ ਪ੍ਰਕਿਰਿਆ ਜਟਿਲ ਹੈ ਅਤੇ ਇਸ ਸੰਦਰਭ 'ਚ ਕਿਆਸ ਆਧਾਰਤ, ਬਿਨਾਂ ਪ੍ਰਮਾਣ ਵਾਲੀ ਰਿਪੋਰਟ ਤੋਂ ਪਰਹੇਜ਼ ਕਰਨਾ ਚਾਹੀਦਾ। ਸੂਤਰਾਂ ਅਨੁਸਾਰ, ਪੂਰਬੀ ਲੱਦਾਖ ਦੇ ਚੁਸ਼ੂਲ ਸੈਕਟਰ 'ਚ ਐੱਲ.ਏ.ਸੀ. ਦੇ ਭਾਰਤੀ ਹਿੱਸੇ 'ਚ ਇਹ ਵਾਰਤਾ ਹੋਈ। ਬੈਠਕ ਦਿਨ 'ਚ 11 ਵਜੇ ਸ਼ੁਰੂ ਹੋਈ ਅਤੇ ਕਰੀਬ 12 ਘੰਟੇ ਤੱਕ ਚੱਲੀ। ਇਕ ਸੂਤਰ ਨੇ ਦੱਸਿਆ,''ਬੈਠਕ ਲੰਬੀ ਚੱਲੀ, ਕੋਵਿਡ-19 ਦੇ ਪ੍ਰੋਟੋਕਾਲ ਦੇ ਮੱਦੇਨਜ਼ਰ ਬਿਨਾਂ ਸਮੇਂ ਗਵਾਏ ਪ੍ਰਭਾਵੀ ਤਰੀਕੇ ਨਾਲ ਬੈਠਕ ਹੋਈ। ਵਾਰਤਾ ਐੱਲ.ਏ.ਸੀ. 'ਤੇ ਤਣਾਅ ਘਟਾਉਣ ਲਈ ਦੋਹਾਂ ਪੱਖਾਂ ਦੀ ਵਚਨਬੱਧਤਾ ਨੂੰ ਦਿਖਾਉਂਦਾ ਹੈ।''