ਮੋਦੀ ਸਰਕਾਰ ਦੇ 8 ਸਾਲਾਂ ਦੌਰਾਨ ਭਾਰਤ ਨੇ ਲਿਆ 80 ਲੱਖ ਕਰੋੜ ਰੁਪਏ ਦਾ ਕਰਜ਼ਾ : ਟੀ.ਆਰ.ਐਸ.
Sunday, Oct 30, 2022 - 01:54 PM (IST)
ਹੈਦਰਾਬਾਦ (ਭਾਸ਼ਾ)– ਤੇਲੰਗਾਨਾ ਦੀ ਸੱਤਾਧਾਰੀ ਪਾਰਟੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) ਨੇ ਸ਼ਨੀਵਾਰ ਭਾਰਤੀ ਜਨਤਾ ਪਾਰਟੀ ’ਤੇ ਦੇਸ਼ ਨੂੰ ਕਰਜ਼ੇ ਦੇ ਜਾਲ ਵਿੱਚ ਫਸਾਉਣ ਦਾ ਦੋਸ਼ ਲਾਇਆ ਕਿਉਂਕਿ ਕੇਂਦਰ ਸਰਕਾਰ ਦਾ ਕਰਜ਼ਾ ਕਥਿਤ ਤੌਰ ’ਤੇ 2021 ਤੱਕ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 61.6 ਫੀਸਦੀ ਤੱਕ ਪਹੁੰਚ ਗਿਆ ਹੈ।
ਭਾਜਪਾ ਵਿਰੁੱਧ ਆਪਣੀ ਪਾਰਟੀ ਦੀ ਸਿਆਸੀ ‘ਚਾਰਜਸ਼ੀਟ’ ਜਾਰੀ ਕਰਦਿਆਂ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਕਾਰਜਕਾਰੀ ਪ੍ਰਧਾਨ ਅਤੇ ਮੰਤਰੀ ਕੇ. ਟੀ ਰਾਮਾ ਰਾਓ ਨੇ ਦੋਸ਼ ਲਾਇਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ।
ਰਾਓ ਨੇ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਵੱਖ-ਵੱਖ ਪ੍ਰਧਾਨ ਮੰਤਰੀਆਂ ਦੇ 67 ਸਾਲਾਂ ਦੇ ਰਾਜ ਦੌਰਾਨ ਦੇਸ਼ ਨੇ 55.87 ਕਰੋੜ ਰੁਪਏ ਦਾ ਕਰਜ਼ਾ ਲਿਆ। 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਅੱਠ ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ 80 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। 2014-15 ਦੌਰਾਨ ਕੇਂਦਰ ਵਲੋਂ ਵਿਆਜ ਦਾ ਭੁਗਤਾਨ ਮਾਲੀਏ ਦਾ 36.1 ਪ੍ਰਤੀਸ਼ਤ ਸੀ ਜਦੋਂ ਕਿ 2021 ਦੌਰਾਨ ਇਹ ਵਧ ਕੇ 43.7 ਪ੍ਰਤੀਸ਼ਤ ਹੋ ਗਿਆ।
‘ਚਾਰਜਸ਼ੀਟ’ ਵਿਚ ਦੋਸ਼ ਲਾਇਆ ਗਿਆ ਹੈ ਕਿ ਨੀਤੀ ਆਯੋਗ ਵੱਲੋਂ ਸੂਬੇ ਦੇ ਹਰ ਪਿੰਡ ਲਈ ਪੀਣ ਵਾਲੇ ਸੁਰੱਖਿਅਤ ਪਾਣੀ ਦੇ ਪ੍ਰਾਜੈਕਟ ‘ਮਿਸ਼ਨ ਭਗੀਰਥ’ ਲਈ 19,000 ਕਰੋੜ ਰੁਪਏ ਫੰਡ ਦੇਣ ਦੀ ਸਿਫ਼ਾਰਸ਼ ਦੇ ਬਾਵਜੂਦ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 19 ਪੈਸੇ ਵੀ ਨਹੀਂ ਦਿੱਤੇ। ‘ਚਾਰਜਸ਼ੀਟ’ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਰਾਜਾਂ ਨੂੰ ਖੇਤੀ ਪੰਪ ਸੈੱਟਾਂ ’ਤੇ ਮੀਟਰ ਲਗਾਉਣ ਲਈ ਮਜਬੂਰ ਕਰ ਕੇ ਵਾਧੂ ਕਰਜ਼ਿਆਂ ਦੇ ਨਾਂ 'ਤੇ 'ਬਲੈਕਮੇਲ' ਕਰ ਰਿਹਾ ਹੈ।