ਚੋਣਾਂ ਦੇ ਹਰ ਪੜਾਅ ਪਿੱਛੋਂ ਜਿੱਤ ਵੱਲ ਵਧ ਰਿਹਾ ਹੈ ‘ਇੰਡੀਆ’ ਗਠਜੋੜ : ਕੇਜਰੀਵਾਲ
Tuesday, May 21, 2024 - 06:23 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਹਰੇਕ ਪੜਾਅ ਦੇ ਪੂਰਾ ਹੋਣ ਦੇ ਨਾਲ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਚਾਰ ਜੂਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਵਿਦਾਈ ਹੋਣ ਵਾਲੀ ਹੈ ਅਤੇ 'ਇੰਡੀਅਨ ਨੈਸ਼ਲ ਡੈਵਲੇਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਸੱਤਾ 'ਚ ਆ ਰਿਹਾ ਹੈ। ਕੇਜਰੀਵਾਲ ਨੇ ਡਿਜੀਟਲ ਮਾਧਿਅਮ ਨਾਲ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ 'ਇੰਡੀਆ' ਗਠਜੋੜ ਦੇਸ਼ ਨੂੰ ਇਕ ਸਥਿਰ ਸਰਕਾਰ ਦੇਵੇਗਾ। ਉਨ੍ਹਾਂ ਕਿਹਾ,''ਵੋਟਿੰਗ ਦੇ ਹਰ ਲੰਘਦੇ ਪੜਾਅ ਦੇ ਨਾਲ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਜਾਣ ਵਾਲੀ ਹੈ ਅਤੇ 'ਇੰਡੀਆ' ਗਠਜੋੜ ਚਾਰ ਜੂਨ ਨੂੰ ਸੱਤਾ 'ਚ ਆਏਗਾ।'' ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਦਿੱਲੀ 'ਚ ਆਯੋਜਿਤ ਆਪਣੀਆਂ ਚੋਣ ਰੈਲੀਆਂ 'ਚ ਉਨ੍ਹਾਂ ਲਈ ਅਪਸ਼ਬਦ ਕਹੇ।
ਉਨ੍ਹਾਂ ਨੇ ਸ਼ਾਹ 'ਤੇ ਹਮਲਾ ਕਰਦੇ ਹੋਏ ਕਿਹਾ,''ਤੁਹਾਨੂੰ ਪ੍ਰਧਾਨ ਮੰਤਰੀ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਹੈ, ਇਸ ਲਈ ਤੁਸੀਂ ਹੰਕਾਰ ਦਿਖਾ ਰਹੇ ਹੋ। ਤੁਸੀਂ ਅਜੇ ਤੱਕ ਪ੍ਰਧਾਨ ਮੰਤਰੀ ਨਹੀਂ ਬਣੇ ਹੋ।'' ਕੇਜਰੀਵਾਲ ਨੇ ਕਿਹਾ,''ਤੁਸੀਂ ਕਿਹਾ ਕਿ ਭਾਰਤ 'ਚ ਕੇਜਰੀਵਾਲ ਕੋਲ ਕੋਈ ਸਮਰਥਨ ਨਹੀਂ ਹੈ ਅਤੇ ਪਾਕਿਸਤਾਨ 'ਚ ਉਨ੍ਹਾਂ ਦੇ ਵੱਧ ਸਮਰਥਕ ਹਨ। ਤੁਸੀਂ ਮੈਨੂੰ ਅਪਸ਼ਬਦ ਕਹਿ ਸਕਦੇ ਹੋ ਪਰ ਦੇਸ਼ ਦੀ ਜਨਤਾ ਨੂੰ ਅਪਸ਼ਬਦ ਨਾ ਕਹੋ। ਜੇਕਰ ਤੁਸੀਂ ਜਨਤਾ ਲਈ ਅਪਸ਼ਬਦ ਬੋਲੋਗੇ ਤਾਂ ਕੋਈ ਬਰਦਾਸ਼ਤ ਨਹੀਂ ਕਰੇਗਾ।'' ਸ਼ਾਹ ਨੇ ਦੱਖਣੀ ਦਿੱਲੀ ਚੋਣ ਖੇਤਰ 'ਚ ਆਪਣੀ ਪਾਰਟੀ ਦੇ ਉਮੀਦਵਾਰ ਰਾਮਵੀਰ ਸਿੰਘ ਬਿਥੂੜੀ ਦੇ ਸਮਰਥਨ 'ਚ ਵੋਟ ਮੰਗਦੇ ਹੋਏ ਇਕ ਰੈਲੀ 'ਚ ਕਿਹਾ ਸੀ,''ਭਾਰਤ 'ਚ ਕੇਜਰੀਵਾਲ ਅਤੇ ਰਾਹੁਲ (ਗਾਂਧੀ) ਨੂੰ ਕੋਈ ਸਮਰਥਨ ਨਹੀਂ ਦਿੰਦਾ, ਉਨ੍ਹਾਂ ਦੇ ਸਮਰਥਕ ਪਾਕਿਸਤਾਨ 'ਚ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8