ਕੁਰੂਕੁਸ਼ੇਤਰ ''ਚ ਭਗਵਾਨ ਸ਼੍ਰੀਕ੍ਰਿਸ਼ਨ ਦੇ ਵਿਰਾਟ ਰੂਪ ਦੇ ਹੋਣਗੇ ਦਰਸ਼ਨ, CM ਖੱਟੜ ਅਤੇ ਮੋਹਨ ਭਾਗਵਤ ਕਰਨਗੇ ਉਦਘਾਟਨ
Wednesday, Jun 29, 2022 - 12:17 PM (IST)
ਕੁਰੂਕੁਸ਼ੇਤਰ- ਵਿਸ਼ਵ ਪ੍ਰਸਿੱਧ ਗੀਤਾ ਸਥਾਨ ਜੋਤੀਸਰ 'ਚ ਭਗਵਾਨ ਸ਼੍ਰੀਕ੍ਰਿਸ਼ਨ ਦੇ ਵਿਰਾਟ ਰੂਪ ਨੂੰ ਸਥਾਪਤ ਕਰ ਦਿੱਤਾ ਗਿਆ ਹੈ। ਇਸ ਵਿਰਾਟ ਰੂਪ ਦੇ ਉਦਘਾਟਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦਾ ਉਦਘਾਟਨ 30 ਜੂਨ ਸਵੇਰੇ 11 ਵਜੇ ਆਰ.ਐੱਸ.ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤ ਅਤੇ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ। ਇਸ ਪ੍ਰੋਗਰਾਮ ਤੋਂ ਬਾਅਦ ਗੀਤਾ ਗਿਆਨਮ ਸੰਸਥਾਨਮ ਕੇਂਦਰ 'ਚ ਸਵੇਰੇ ਕਰੀਬ 11.30 ਵਜੇ ਭਗਵਦ ਗੀਤਾ ਦੀ ਮੌਜੂਦਾ ਪ੍ਰਾਸੰਗਿਕਤਾ ਵਿਸ਼ੇ 'ਤੇ ਆਯੋਜਿਤ ਸੈਮੀਨਾਰ ਪ੍ਰੋਗਰਾਮ 'ਚ ਹਿੱਸਾ ਲੈਣਗੇ। ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਮੰਗਲਵਾਰ ਨੂੰ ਪਿੰਡ ਜੋਤੀਸਰ 'ਚ ਤੀਰਥ ਸਥਾਨ 'ਤੇ ਚੱਲ ਰਹੀ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਉਪਰੰਤ ਅਧਿਕਾਰੀਆਂ ਨੂੰ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜੋਤੀਸਰ 'ਚ ਸਭ ਤੋਂ ਪਹਿਲਾਂ ਦਰੱਖਤ ਦੀ ਪੂਜਾ ਕੀਤੀ ਜਾਵੇਗੀ ਅਤੇ ਇਸ ਦਰੱਖਤ ਦੀ ਪਰਿਕਰਮਾ ਕਰਨ ਉਪਰੰਤ ਤੀਰਥ ਯਾਤਰਾ ਕੀਤੀ ਜਾਵੇਗੀ ਅਤੇ ਬਾਅਦ 'ਚ ਕਰੀਬ 10 ਕਰੋੜ ਰੁਪਏ ਦੀ ਲਾਗਤ ਤੋਂ ਨਿਰਮਿਤ ਭਗਵਾਨ ਸ਼੍ਰੀਕ੍ਰਿਸ਼ਨ ਦੇ ਵਿਰਾਟ ਰੂਪ ਦਾ ਉਦਘਾਟਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਲੈ ਕੇ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਵਿਸ਼ਵ ਨੂੰ ਕਰਮ ਦਾ ਸੰਦੇਸ਼ ਦੇਣ ਵਾਲੀ ਗੀਤਾ ਜੀ ਦੇ ਜਨਮ ਸਥਾਨ ਜੋਤੀਸਰ 'ਚ ਸਥਾਪਤ ਕੀਤੇ ਗਏ ਇਸ ਵਿਸ਼ਾਲ ਰੂਪ ਦੀ ਕੀਮਤ ਕਰੀਬ 10 ਕਰੋੜ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਿਰਾਟ ਰੂਪ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਟਰੱਕ ਵਾਲਿਆਂ ਦੀ ਮਦਦ ਨਾਲ ਲਿਆਂਦਾ ਗਿਆ ਸੀ। ਇਸ ਵਿਸ਼ਾਲ ਵਿਰਾਟ ਰੂਪ ਦੇ ਸਿਰਫ਼ ਚਿਹਰੇ ਦਾ ਭਾਰ 6 ਟਨ ਤੋਂ ਜ਼ਿਆਦਾ ਹੈ। ਮੂਰਤੀ ਦੇ ਭਾਰੀ ਹਿੱਸਿਆਂ ਨੂੰ ਕ੍ਰੇਨ ਦੀ ਮਦਦ ਨਾਲ ਇਕ-ਦੂਜੇ ਦੇ ਉੱਪਰ ਜੋੜਿਆ ਗਿਆ। ਇਹ ਮੂਰਤੀ ਵਿਸ਼ਵ ਪ੍ਰਸਿੱਧ ਮੂਰਤੀਕਾਰ ਰਾਮ ਸੁਤਾਰ ਅਤੇ ਉਨ੍ਹਾਂ ਦੇ ਪੁੱਤਰ ਅਨਿਲ ਸੁਤਾਰ ਨੇ 80 ਕਾਰੀਗਰਾਂ ਦੀ ਮਦਦ ਨਾਲ ਇਕ ਸਾਲ 'ਚ ਤਿਆਰ ਕੀਤਾ ਹੈ। ਕਰੀਬ 35 ਟਨ ਦੇ ਵਿਰਾਟ ਰੂਪ 'ਚ 9 ਚਿਹਰੇ ਹਨ, ਇਨ੍ਹਾਂ 'ਚ ਯੋਗੇਸ਼ਵਰ ਕ੍ਰਿਸ਼ਨ ਤੋਂ ਇਲਾਵਾ ਸ਼੍ਰੀ ਗਣੇਸ਼, ਬ੍ਰਹਮਾ ਜੀ, ਸ਼ਿਵ, ਭਗਵਾਨ ਵਿਸ਼ਨੂੰ ਦਾ ਨਰਸਿੰਘ ਰੂਪ, ਹਨੂੰਮਾਨ ਜੀ, ਭਗਵਾਨ ਪਰਸ਼ੂਰਾਮ, ਏਗ੍ਰੀਵ ਅਤੇ ਅਗਨੀਦੇਵ ਅਤੇ ਪੈਰਾਂ ਤੋਂ ਲੈ ਕੇ ਮੂਰਤੀ ਨਾਲ ਲਿਪਟੇ ਸਿਰ ਦੇ ਉੱਪਰ ਛਾਂ ਕਰਦੇ ਸ਼ੇਸ਼ਨਾਗ ਦੇ ਦਰਸ਼ਨ ਹੋ ਰਹੇ ਹਨ। ਇਸ ਮੂਰਤੀ ਦੀ ਉੱਚਾਈ 40 ਫੁੱਟ ਤੋਂ ਜ਼ਿਆਦਾ ਹੈ, ਜੋ 10 ਫੁੱਚ ਉੱਚੇ ਪਲੇਟਫਾਰਮ 'ਤੇ ਸਥਾਪਤ ਕੀਤਾ ਗਿਆ ਹੈ। ਵਿਰਾਟ ਰੂਪ ਚਾਰ ਧਾਤੂਆਂ ਨਾਲ ਮਿਲ ਕੇ ਬਣਿਆ ਹੈ, ਜਦੋਂ ਕਿ 85 ਫੀਸਦੀ ਤਾਂਬਾ ਅਤੇ 15 ਫੀਸਦੀ ਹੋਰ ਤਿੰਨ ਧਾਤੂਆਂ ਦਾ ਇਸਤੇਮਾਲ ਹੋਇਆ ਹੈ। ਇਸ ਮੂਰਤੀ ਨੂੰ ਨੋਇਡਾ ਸਥਿਤ ਵਰਕਸ਼ਾਪ 'ਚ ਕਰੀਬ ਇਕ ਸਾਲ 'ਚ 80 ਕਾਰੀਗਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।