ਸਿਰਫ਼ 10 ਮਿੰਟ ''ਚ ATM ਮਸ਼ੀਨ ਨੂੰ ਪੁੱਟ ਕੇ ਲੈ ਗਏ ਬਦਮਾਸ਼

Friday, Jul 19, 2024 - 09:53 AM (IST)

ਰਾਵਤਸਰ (ਅਸੀਜਾ)- ਸ਼ਹਿਰ ਦੇ ਜੈਪੁਰ ਮੈਗਾ ਹਾਈਵੇਅ ’ਤੇ ਸਟੈਂਡ ਬੈਂਕ ਦੇ ਸਾਹਮਣੇ ਦੀ ਲਾਈਨ ’ਚ ਸਥਿਤ ਕੇਨਰਾ ਬੈਂਕ ਸ਼ਾਖਾ ਦੇ ਬਾਹਰ ਲੱਗੇ ਏ. ਟੀ. ਐੱਮ. ਨੂੰ ਬੁੱਧਵਾਰ ਦੇਰ ਰਾਤ ਕਾਲੇ ਰੰਗ ਦੀ ਬਿਨਾਂ ਨੰਬਰ ਵਾਲੀ ਸਕਾਰਪੀਓ ’ਚ ਆਏ ਅੱਧੀ ਦਰਜਨ ਬਦਮਾਸ਼ ਸਿਰਫ 10 ਮਿੰਟਾਂ ’ਚ ਹੀ ਪੁੱਟ ਲੈ ਗਏ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ। ਥਾਣਾ ਇੰਚਾਰਜ ਵੇਦਪਾਲ ਸ਼ਿਓਰਾਣ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਤੁਰੰਤ ਨਾਕਾਬੰਦੀ ਕਰ ਦਿੱਤੀ ਗਈ ਹੈ। ਨੇੜਲੇ ਥਾਣਿਆਂ ਦੀ ਪੁਲਸ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਦੀ ਇਕ ਟੀਮ ਨੂੰ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਲਈ ਲਗਾਇਆ ਗਿਆ ਹੈ।

ਘਟਨਾ ਸਥਾਨ ’ਤੇ ਕੇਨਰਾ ਬੈਂਕ ਦੇ ਮੈਨੇਜਰ ਨੂੰ ਸੱਦ ਲਿਆ ਗਿਆ। ਬੈਂਕ ਅਧਿਕਾਰੀ ਨੇ ਦੱਸਿਆ ਕਿ ਏ. ਟੀ. ਐੱਮ. ਵਿਚ ਲੱਗਭਗ 16 ਲੱਖ ਦਾ ਕੈਸ਼ ਸੀ। ਪੁਲਸ ਮੁਤਾਬਕ ਕੇਨਰਾ ਬੈਂਕ ਅਤੇ ਉਸ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਲੱਗਭਗ 2.45 ਵਜੇ ਸਕਾਰਪੀਓ ਗੱਡੀ ਵਿਚ ਆਏ ਬਦਮਾਸ਼ ਕੈਬਿਨ ਵਿਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਬਦਮਾਸ਼ਾਂ ਨੇ ਏ. ਟੀ. ਐੱਮ. ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਕਾਲੇ ਰੰਗ ਦਾ ਸਪ੍ਰੇ ਮਾਰ ਦਿੱਤਾ। ਬਦਮਾਸ਼ਾਂ ਨੇ ਏ. ਟੀ. ਐੱਮ. ਮਸ਼ੀਨ ਨੂੰ ਸਕਾਰਪੀਓ ਗੱਡੀ ਨਾਲ ਖਿੱਚ ਦੇ ਪੁੱਟਿਆ।

ਖੰਗਾਲ ਰਹੇ ਕੈਮਰਿਆਂ ਦੀ ਫੁਟੇਜ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਵੇਦਪਾਲ ਸ਼ਿਵਰਾਨ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਘਟਨਾ ਸਮੇਂ ਏ. ਟੀ. ਐਮ 'ਤੇ ਕੋਈ ਗਾਰਡ ਮੌਜੂਦ ਨਹੀਂ ਸੀ। ਪੁਲਸ ਸ਼ਹਿਰ ਵਿਚ ਲੱਗੇ ਤਿੰਨ ਦਰਜਨ ਦੇ ਕਰੀਬ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਕਿੱਥੋਂ ਆਏ ਸਨ ਅਤੇ ਕਿਸ ਦਿਸ਼ਾ ਵਿਚ ਗਏ ਸਨ, ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਝ ਪੁਲਸ ਨੂੰ ਇਹ ਸਮੱਸਿਆ ਆ ਰਹੀ ਹੈ ਕਿ ਸ਼ਹਿਰ ਵਿਚ ਲੋਕਾਂ ਦੇ ਸਹਿਯੋਗ ਨਾਲ ਲਾਏ ਗਏ ਜ਼ਿਆਦਾਤਰ ਕੈਮਰੇ ਸਾਂਭ-ਸੰਭਾਲ ਨਾ ਹੋਣ ਕਾਰਨ ਬੰਦ ਪਏ ਹਨ। ਪੁਲਸ ਲੋਕਾਂ ਦੇ ਨਿੱਜੀ ਕੈਮਰਿਆਂ ਦੇ ਆਧਾਰ ’ਤੇ ਹੀ ਜਾਂਚ ਨੂੰ ਅੱਗੇ ਵਧਾ ਰਹੀ ਹੈ।


Tanu

Content Editor

Related News