ਸਰਕਾਰੀ ਜਾਂਚ ’ਚ ਪੀਣ ਯੋਗ ਪਾਣੀ ਦੇ 13 ਲੱਖ ਨਮੂਨਿਆਂ ’ਚੋਂ 1.11 ਲੱਖ ਨਮੂਨੇ ਫੇਲ੍ਹ
Saturday, Oct 16, 2021 - 03:21 PM (IST)
ਨਵੀਂ ਦਿੱਲੀ (ਭਾਸ਼ਾ)— ਦੇਸ਼ ਭਰ ’ਚ ਸਰਕਾਰੀ ਪ੍ਰੋਗਰਾਮ ਤਹਿਤ ਪੀਣ ਵਾਲੇ ਪਾਣੀ ਦੇ 13 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ’ਚ 1,11474 ਨਮੂਨੇ ਅਸ਼ੁੱਧ ਪਾਏ ਗਏ। ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਨਮੂਨੇ ਸਰਕਾਰ ਦੇ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਪ੍ਰੋਗਰਾਮ ਤਹਿਤ ਲਏ ਗਏ ਸਨ। ਜਲ ਸ਼ਕਤੀ ਮੰਤਰਾਲਾ ਦੇ ਪ੍ਰੋਗਰਾਮ ਤਹਿਤ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪੀਣ ਵਾਲੇ ਪਾਣੀ ’ਚ ਅਸ਼ੁੱਧੀਆਂ ਧਰਤੀ ਦੀ ਸਤ੍ਹਾ ’ਤੇ ਕੁਦਰਤੀ ਤੌਰ ’ਤੇ ਮੌਜੂਦ ਰਸਾਇਣ ਅਤੇ ਮਿਨਰਲ ਵਰਗੇ ਆਰਸੇਨਿਕ, ਫਲੋਰਾਈਡ, ਆਇਰਨ ਅਤੇ ਯੂਰੀਅਮ ਆਦਿ ਦੀ ਸੀ। ਇਸ ਵਿਚ ਕਿਹਾ ਗਿਆ ਕਿ ਜਲ ਸਰੋਤਾਂ ਦੇ ਨੇੜੇ ਭਾਰੀ ਧਾਤੂ ਦੀ ਉਤਪਾਦਨ ਇਕਾਈਆਂ ਕਾਰਨ ਵੀ ਪਾਣੀ ’ਚ ਅਸ਼ੁੱਧੀਆਂ ਹੋ ਸਕਦੀਆਂ ਹਨ।
ਮੰਤਰਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਲ ਸ਼ੋਧਨ ਪਲਾਂਟਾਂ ਦੇ ਸਹੀ ਨਾਲ ਕੰਮ ਨਾ ਕਰਨ ਕਰ ਕੇ ਅਤੇ ਪਾਣੀ ਦੀ ਸਪਲਾਈ ਸਹੀ ਨਾ ਹੋਣ ਤੋਂ ਵੀ ਪਾਣੀ ’ਚ ਅਸ਼ੁੱਧੀਆਂ ਹੋ ਸਕਦੀਆਂ ਹਨ। ਅੰਕੜਿਆਂ ਮੁਤਾਬਕ ਲੈਬੋਰਟੀ ਵਿਚ 13,17,028 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ 1,11,474 ਨਮੂਨਿਆਂ ’ਚ ਅਸ਼ੁੱਧੀਆਂ ਪਾਈਆਂ ਗਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਪਾਣੀ ਦਾ ਨਮੂਨਾ ਗੁਣਵੱਤਾ ਜਾਂਚ ’ਚ ਖਰਾ ਨਹੀਂ ਉਤਰਦਾ ਹੈ ਤਾਂ ਅਧਿਕਾਰੀਆਂ ਨੂੰ ਆਨਲਾਈਨ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ 2,05,941 ਪਿੰਡਾਂ ਦੇ ਪਾਣੀ ਦੇ ਨਮੂਨਿਆਂ 2011 ਲੈਬੋਰਟਰੀ ’ਚ ਜਾਂਚੇ ਗਏ ਹਨ। ਜ਼ਿਕਰਯੋਗ ਹੈ ਕਿ ਪਾਣੀ ਦੇ ਨਮੂਨਿਆਂ ਦੀ ਜਾਂਚ ਦਾ ਪ੍ਰੋਗਰਾਮ ਜਲ ਜੀਵਨ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਕਸਦ ਨਲ ਜ਼ਰੀਏ ਘਰਾਂ ਤੱਕ ਸੁਰੱਖਿਅਤ ਅਤੇ ਉੱਚਿਤ ਪੀਣ ਵਾਲਾ ਪਾਣੀ ਉਪਲੱਬਧ ਕਰਾਉਣਾ ਹੈ।