ਧਾਰਾ-370 ਨੂੰ ਰੱਦ ਕਰਨ ਜਿੰਨਾ ਸੌਖਾ ਨੀਂ UCC ਲਾਗੂ ਕਰਨਾ : ਗੁਲਾਮ ਨਬੀ ਆਜ਼ਾਦ
Saturday, Jul 08, 2023 - 05:47 PM (IST)
ਸ਼੍ਰੀਨਗਰ (ਭਾਸ਼ਾ)- ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਨੂੰ ਲਾਗੂ ਕਰਨ ਦੀ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਸ ਦਾ ਸਾਰੇ ਧਰਮਾਂ 'ਤੇ ਅਸਰ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯੂ.ਸੀ.ਸੀ. ਲਾਗੂ ਕਰਨਾ ਧਾਰਾ-370 ਨੂੰ ਰੱਦ ਕਰਨ ਜਿੰਨਾ ਸੌਖਾ ਨਹੀਂ ਹੋਵੇਗਾ। ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਆਜ਼ਾਦ ਪਾਰਟੀ (ਡੀ.ਪੀ.ਏ.ਪੀ.) ਦੇ ਮੁਖੀ ਆਜ਼ਾਦ ਨੇ ਕਿਹਾ,''ਯੂ.ਸੀ.ਸੀ. ਲਾਗੂ ਕਰਨ ਦਾ ਸਵਾਲ ਹੀ ਨਹੀਂ ਹੈ। ਇਹ ਧਾਰਾ 370 ਨੂੰ ਰੱਦ ਕਰਨ ਜਿੰਨਾ ਸੌਖਾ ਨਹੀਂ ਹੈ। ਸਾਰੇ ਧਰਮ ਇਸ 'ਚ ਸ਼ਾਮਲ ਹਨ। ਸਿਰਫ਼ ਮੁਸਲਮਾਨ ਹੀ ਨਹੀਂ ਸਗੋਂ ਸਿੱਖ, ਈਸਾਈ, ਆਦਿਵਾਸੀ, ਜੈਨ ਅਤੇ ਪਾਰਸੀ, ਇਨ੍ਹਾਂ ਸਾਰੇ ਲੋਕਾਂ ਨੂੰ ਨਾਰਾਜ਼ ਕਰਨਾ ਕਿਸੇ ਵੀ ਸਰਕਾਰ ਲਈ ਚੰਗਾ ਨਹੀਂ ਹੋਵੇਗਾ।''
ਉਨ੍ਹਾਂ ਕਿਹਾ,''ਇਸ ਲਈ ਮੈਂ ਸਰਕਾਰ ਨੂੰ ਸਲਾਹ ਦਿੰਦਾ ਹਾਂ ਕਿ ਉਹ ਇਹ ਕਦਮ ਚੁੱਕਣ ਬਾਰੇ ਸੋਚਣ ਵੀ ਨਹੀਂ।'' ਡੀ.ਪੀ.ਏ.ਪੀ. ਮੁਖੀ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਭੂਮੀਹੀਣਾਂ ਨੂੰ ਜ਼ਮੀਨ ਦੇਣ ਦੀ ਨੀਤੀ ਦੇ ਐਲਾਨ ਦਾ ਸੁਆਗਤ ਕੀਤਾ ਪਰ ਮੰਗ ਕੀਤੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗਰੀਬ ਵਾਸੀਆਂ ਨੂੰ ਹੀ ਜ਼ਮੀਨ ਦਿੱਤੀ ਜਾਵੇ ਨਾ ਕਿ ਬਾਹਰੀ ਵਾਸੀਆਂ ਨੂੰ ਹੀ ਦਿੱਤੀ ਜਾਣੀ ਚਾਹੀਦੀ। ਇਹ ਮਹੱਤਵਪੂਰਨ ਹੈ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜਲਦ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਵੀ ਪੈਰਵੀ ਕੀਤੀ।