ਵਿੱਤੀ ਧੋਖਾਦੇਹੀ ਨਾਲ ਨਜਿੱਠਣ ’ਚ ਸੇਬੀ ਦੀ ਮਦਦ ਕਰੇਗਾ ਆਈ. ਸੀ. ਏ. ਆਈ.

Saturday, May 03, 2025 - 09:07 PM (IST)

ਵਿੱਤੀ ਧੋਖਾਦੇਹੀ ਨਾਲ ਨਜਿੱਠਣ ’ਚ ਸੇਬੀ ਦੀ ਮਦਦ ਕਰੇਗਾ ਆਈ. ਸੀ. ਏ. ਆਈ.

ਨਵੀਂ ਦਿੱਲੀ, (ਭਾਸ਼ਾ)- ਚਾਰਟਰਡ ਅਕਾਊਂਟੈਂਟ ਦੀ ਸਿਖਰਲੀ ਇਕਾਈ ਆਈ. ਸੀ. ਏ. ਆਈ. ਵਿੱਤੀ ਧੋਖਾਦੇਹੀ ਨਾਲ ਨਜਿੱਠਣ ’ਚ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਦਦ ਲਈ ਇਕ ਖੋਜ ਪੱਤਰ ਤਿਆਰ ਕਰੇਗੀ। ਭਾਰਤੀ ਚਾਰਟਰਡ ਅਕਾਊਂਟੈਂਟਸ ਸੰਸਥਾਨ (ਆਈ. ਸੀ. ਏ. ਆਈ.) ਦੇ ਪ੍ਰਧਾਨ ਚਰਨਜੋਤ ਸਿੰਘ ਨੰਦਾ ਨੇ ਕਿਹਾ ਕਿ ਸੰਸਥਾਨ ਵਿੱਤੀ ਧੋਖਾਦੇਹੀ ਨਾਲ ਨਜਿੱਠਣ ਦੇ ਸਬੰਧ ’ਚ ਇਕ ਵਰਕਿੰਗ ਗਰੁੱਪ ਬਣਾਏਗਾ ਅਤੇ ਵੱਖ-ਵੱਖ ਪਹਿਲੂਆਂ ਨੂੰ ਅੰਤਿਮ ਰੂਪ ਦੇਣ ਲਈ ਸੇਬੀ ਨਾਲ ਚਰਚਾ ਕਰੇਗਾ।

ਨੰਦਾ ਨੇ ਦੱਸਿਆ ਕਿ ਵਰਕਿੰਗ ਗਰੁੱਪ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੂੰ ਇਕ ਖੋਜ ਪੱਤਰ ਪੇਸ਼ ਕਰੇਗਾ। ਨੰਦਾ ਨੇ ਸ਼ੁੱਕਰਵਾਰ ਨੂੰ ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨਾਲ ਬੈਠਕ ਕੀਤੀ। ਹਾਲ ਦੇ ਸਾਲਾਂ ’ਚ ਪ੍ਰਚੂਨ ਨਿਵੇਸ਼ਕਾਂ ਸਮੇਤ ਪੂੰਜੀ ਬਾਜ਼ਾਰ ’ਚ ਨਿਵੇਸ਼ ਵਧਿਆ ਹੈ। ਨਾਲ ਹੀ ਵਿੱਤੀ ਘਪਲਿਆਂ ਅਤੇ ਮੁੱਲ ਹੇਰ-ਫੇਰ ਦੇ ਮਾਮਲੇ ਵੀ ਸਾਹਮਣੇ ਆਏ ਹਨ। ਨਿਵੇਸ਼ਕਾਂ ਦੇ ਹਿਤਾਂ ਦੀ ਰੱਖਿਆ ਕਰਨ ਅਤੇ ਵਿੱਤੀ ਬਾਜ਼ਾਰਾਂ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਰੈਗੂਲੇਟਰਾਂ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਅਤੇ ਧੋਖਾਦੇਹੀ ’ਤੇ ਲਗਾਮ ਲਾਉਣ ਲਈ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਈ. ਸੀ. ਏ. ਆਈ. ਦੇ 4.35 ਲੱਖ ਤੋਂ ਜ਼ਿਆਦਾ ਮੈਂਬਰ ਅਤੇ 10 ਲੱਖ ਤੋਂ ਜ਼ਿਆਦਾ ਵਿਦਿਆਰਥੀ ਹਨ।

ਆਈ. ਸੀ. ਏ. ਆਈ. ਸੰਕਟਗ੍ਰਸਤ ਜੈਨਸੋਲ ਇੰਜੀਨੀਅਰਿੰਗ ਲਿਮਟਿਡ ਅਤੇ ਬਲਿਊ ਸਮਾਰਟ ਮੋਬਿਲਿਟੀ ਦੇ ਵਿੱਤੀ ਵੇਰਵਿਆਂ ਦੀ ਸਮੀਖਿਆ 6 ਮਹੀਨਿਆਂ ’ਚ ਪੂਰੀ ਕਰ ਸਕਦਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।


author

Rakesh

Content Editor

Related News