ਹਾਈਡ੍ਰੋਕਸੀ ਕਲੋਰੋਕਵੀਨ ਦਵਾਈ ਦੀ ਦੁਨੀਆ ਭਰ 'ਚ ਚਰਚਾ
Thursday, Apr 09, 2020 - 10:11 PM (IST)
ਨਵੀਂ ਦਿੱਲੀ (ਵਿਸ਼ੇਸ਼)- ਹਾਈਡ੍ਰੋਕਸੀ ਕਲੋਰੋਕਵੀਨ ਦਵਾਈ ਕੋਰੋਨਾ ਵਾਇਰਸ ਇਨਫੈਕਸ਼ਨ ਦੌਰਾਨ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਦੀ ਰੋਕਥਾਮ ਲਈ ਕੋਈ ਦਵਾਈ ਨਹੀਂ ਹੈ ਪਰ ਹਾਈਡ੍ਰੋਕਸੀ ਕਲੋਰੋਕਵੀਨ ਨੂੰ ਇਸ ਵਾਇਰਸ ਨਾਲ ਲੜਨ 'ਚ ਮਦਦਗਾਰ ਮੰਨਿਆ ਜਾ ਰਿਹਾ ਹੈ। ਭਾਰਤ 'ਚ ਹਰ ਸਾਲ ਵੱਡੀ ਗਿਣਤੀ 'ਚ ਲੋਕ ਮਲੇਰੀਏ ਦੀ ਲਪੇਟ 'ਚ ਆਉਂਦੇ ਹਨ ਇਸ ਲਈ ਭਾਰਤੀ ਦਵਾਈ ਕੰਪਨੀਆਂ ਵੱਡੇ ਪੱਧਰ 'ਤੇ ਹਾਈਡ੍ਰੋਕਸੀ ਕਲੋਰੋਕਵੀਨ ਦਾ ਉਤਪਾਦਨ ਕਰਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਵਰਗੇ ਦੇਸ਼ਾਂ 'ਚ ਇਹ ਦਵਾਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਜੋ ਮਦਦਗਾਰ ਸਾਬਿਤ ਹੋ ਰਹੀ ਹੈ। ਇਸੇ ਕਾਰਨ ਇਸ ਦੀ ਮੰਗ ਹੋਰ ਵਧ ਗਈ। ਹਾਲਾਂਕਿ ਪਿਛਲੇ ਕੁਝ ਦਿਨਾਂ 'ਚ ਭਾਰਤ 'ਚ ਇਸ ਦਵਾਈ ਦੇ ਉਤਪਾਦਨ 'ਚ ਥੋੜ੍ਹੀ ਕਮੀ ਆਈ ਹੈ।
ਕਿਓਂ ਦਿੱਤੀ ਜਾ ਰਹੀ ਹੈ ਕੋਰੋਨਾ ਮਰੀਜ਼ਾਂ ਨੂੰ ਇਹ ਦਵਾਈ
ਹਾਲਾਂਕਿ ਇਹ ਦਵਾਈ ਐਂਟੀ ਮਲੇਰੀਆ ਡਰੱਗ ਕਲੋਰੋਕਵੀਨ ਤੋਂ ਥੋੜ੍ਹੀ ਵੱਖਰੀ ਦਵਾਈ ਹੈ। ਇਹ ਇਕ ਟੈਬਲੇਟ ਹੈ ਜਿਸ ਦੀ ਵਰਤੋ ਆਟੋਇਮਿਊਨ ਬੀਮਾਰੀਆਂ ਦੇ ਇਲਾਜ 'ਚ ਕੀਤੀ ਜਾਂਦੀ ਹੈ ਪਰ ਇਸ ਨੂੰ ਕੋਰੋਨਾ ਤੋਂ ਬਚਾਅ ਲਈ ਵਰਤੋਂ 'ਚ ਲਿਆਂਦੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਦਵਾਈ ਦਾ ਖਾਸ ਅਸਰ ਸਾਰਸ-ਸੀ.ਓ.ਵੀ.-2 'ਤੇ ਪੈਂਦਾ ਹੈ ਇਹ ਉਹੀ ਵਾਇਰਸ ਜੋ ਕੋਵਿਡ-2 ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਹਾਈਡ੍ਰੋਕਸੀ ਕਲੋਰੋਕਵੀਨ ਦੀਆਂ ਟੈਬਲੇਟਸ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਰਥਰਾਈਟਿਸ ਦੇ ਇਲਾਜ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਭਾਰਤ ਇੰਝ ਕਰਦਾ ਹੈ ਇਸ ਦਾ ਉਤਪਾਦਨ
ਹਾਈਡ੍ਰੋਕਸੀ ਕਲੋਰੋਕਵੀਨ ਟੈਬਲੇਟਸ ਦੇ ਉਤਪਾਦਨ 'ਚ ਭਾਰਤ ਦੀ ਮਦਦ ਬ੍ਰਾਜ਼ੀਲ ਤੇ ਚੀਨ ਕਰਦੇ ਹਨ। ਇਸ ਦੇ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਬ੍ਰਾਜ਼ੀਲ ਅਤੇ ਚੀਨ ਤੋਂ ਹੀ ਹੁੰਦੀ ਹੈ।
1940 ਤੋਂ ਹੋ ਰਹੀ ਹੈ ਵਰਤੋਂ
ਹਾਈਡ੍ਰੋਕਸੀ ਕਲੋਰੋਕਵੀਨ ਦਵਾਈ ਨਾਲ ਇਮਿਊਨ ਸਿਸਟਮ ਬਹੁਤ ਸਰਗਰਮ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋ ਮਲੇਰੀਏ ਤੇ ਗਠੀਏ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਅਮਰੀਕਾ 'ਚ ਇਹ ਦਵਾਈ ਆਮ ਤੌਰ 'ਤੇ 'ਪਲੇਕਿਊਨਿਲ ਬ੍ਰਾਂਡ' ਨਾਂ ਨਾਲ ਵੇਚੀ ਜਾਂਦੀ ਹੈ। ਡਾਕਟਰ ਇਹ ਦਵਾਈ ਕਿਸੇ ਹੋਰ ਬੀਮਾਰੀ (ਆਫ ਲੇਬਲ) ਵੇਲੇ ਵੀ ਖਾਣ ਲਈ ਦੇ ਸਕਦੇ ਹਨ। ਜਿਵੇਂ ਅੱਜਕਲ ਕਈ ਲੋਕ ਇਸ ਦਵਾਈ ਦੀ ਵਰਤੋ ਕੋਰੋਨਾ ਵਾਇਰਸ ਦੇ ਇਲਾਜ ਲਈ ਕਰਦੇ ਹਨ।
ਭਾਰਤ ਤੋਂ ਕਿਉਂ ਮੰਗੀ ਜਾ ਰਹੀ ਹੈ ਦਵਾਈ
ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਿਆ ਹੈ ਅਤੇ ਭਾਰਤ ਇਸ ਦਵਾਈ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਇਕ ਰਿਪੋਰਟ ਅਨੁਸਾਰ ਅਮਰੀਕਾ ਸਮੇਤ ਦੁਨੀਆ ਦੇ ਲਗਭਗ 30 ਦੇਸ਼ਾਂ ਨੇ ਭਾਰਤ ਤੋਂ ਇਸ ਦਵਾਈ ਦੀ ਮੰਗ ਕੀਤੀ ਹੈ।
ਦਵਾਈ ਦੇ ਸਾਈਡ ਇਫੈਕਟਸ
ਇਸ ਦਵਾਈ ਦੇ ਸਾਈਡ ਇਫੈਕਟ 'ਚ ਸਿਰ ਚਕਰਾਉਣਾ, ਸਿਰ ਦਰਦ, ਮੂੜ ਖਰਾਬ ਹੋਣਾ, ਸਕਿਨ 'ਚ ਖੁਜਲੀ ਸੋਜ, ਕਰੈਮ, ਸਕਿਨ ਦਾ ਪੀਲਾ ਪੈ ਜਾਣਾ, ਮਾਸਪੇਸ਼ੀਆਂ 'ਚ ਕਮਜ਼ੋਰੀ, ਨੱਕ 'ਚੋਂ ਖੂਨ ਵਗਣਾ ਅਤੇ ਸੁਣਨ 'ਚ ਸਮੱਸਿਆ ਸ਼ਾਮਲ ਹਨ। ਇਸ ਦੀ ਓਵਰਡੋਜ਼ ਨਾਲ ਮੌਤ ਵੀ ਹੋ ਸਕਦੀ ਹੈ।
ਦੇਹਰਾਦੂਨ 'ਚ ਵੀ ਬਣਦੀ ਹੈ ਦਵਾਈ
ਦੇਸ਼ 'ਚ ਬਹੁਤ ਸਾਰੀਆਂ ਥਾਵਾਂ 'ਤੇ ਤਿਆਰ ਹੋਣ ਵਾਲੀਆਂ ਇਸ ਦੀਆਂ ਗੋਲੀਆਂ ਉੱਤਰਾਖੰਡ ਦੇ ਦੇਹਰਾਦੂਨ 'ਚ ਵੀ ਬਣਦੀਆਂ ਹਨ। ਦੇਹਰਾਦੂਨ ਦੇ ਸੇਲਾਕੁਈ 'ਚ ਸਥਿਤ ਸਾਰਾ ਫਾਰਮਾ ਸਿਟੀ ਦੀ ਆਈ.ਪੀ.ਸੀ.ਏ. ਲਿਮਟਿਡ (ਇਪਕਾ) ਲੈਬੋਰੇਟਰੀਜ਼ ਨਾਂ ਦੀ ਫੈਕਟਰੀ 'ਚ ਐੱਚ.ਸੀ.ਕਿਯੂ.ਐੱਸ. ਟੈਬਲੇਟ ਬਣਾਈ ਜਾਂਦੀ ਹੈ ।
ਵਾਰਾਣਸੀ 'ਚ ਹੈ ਸਟਾਕ
ਇੰਟਰਨੈਸ਼ਨਲ ਮਾਰਕੀਟ 'ਚ ਇਨ੍ਹੀਂ ਦਿਨੀ ਇਸ ਦਵਾਈ ਦੀ ਮੰਗ ਵਧ ਗਈ ਹੈ। ਇਸ ਕਾਰਨ ਹਾਈਡ੍ਰੋਕਸੀ ਕਲੋਰੋਕਵੀਨ ਨੂੰ ਸਟਾਕ 'ਚ ਰੱਖ ਦਿੱਤਾ ਗਿਆ ਹੈ। ਡੀਲਰ ਬਿਨਾਂ ਲਾਇਸੈਂਸ ਕਿਸੇ ਨੂੰ ਵੀ ਇਹ ਦਵਾਈ ਨਹੀਂ ਦੇ ਰਹੇ। ਇਸ ਦਵਾਈ ਦਾ ਵੱਡਾ ਸਟਾਕ ਵਾਰਾਣਸੀ 'ਚ ਮੁਹੱਈਆ ਹੈ। ਇੱਥੋਂ ਪੂਰੇ ਪੂਰਬੀ ਖੇਤਰ 'ਚ ਇਸ ਦਵਾਈ ਦੀ ਸਪਲਾਈ ਹੁੰਦੀ ਹੈ। ਇੱਥੇ ਫਿਲਹਾਲ 2 ਲੱਖ ਟੈਬਲੇਟਸ ਹਨ ਅਤੇ ਮੰਗ ਨੂੰ ਦੇਖਦਿਆਂ 10 ਲੱਖ ਟੈਬਲੇਟਸ ਹੋਰ ਮੰਗਵਾਈਆਂ ਜਾ ਰਹੀਆਂ ਹਨ।
ਦਵਾਈ 'ਤੇ ਕੀਤੀਆਂ ਗਈਆਂ ਖੋਜਾਂ
ਹਾਈਡ੍ਰੋਕਸੀ ਕਲੋਰੋਕਵੀਨ ਦਵਾਈ 'ਤੇ ਮੁੱਢਲੀ ਖੋਜ 'ਚ ਕਈ ਵਿਵਾਦ ਭਰੇ ਨਤੀਜੇ ਸਾਹਮਣੇ ਆਏ ਹਨ ਹਾਲਾਂਕਿ ਇਕ ਲੈਬ ਨੇ ਆਪਣੇ ਅਧਿਐਨ 'ਚ ਦੱਸਿਆ ਕਿ ਇਸ ਦਵਾਈ ਨਾਲ ਵਾਇਰਸ ਨੂੰ ਸੈਲਾਂ ਦੇ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ। ਚੀਨ ਤੋਂ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਵਾਈ ਰਾਹੀਂ 10 ਹਸਪਤਾਲਾਂ 'ਚ 100 ਵਿਅਕਤੀਆਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਸਾਰਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਨ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ 'ਤੇ ਕਈ ਤਰ੍ਹਾਂ ਦੀਆਂ ਦਵਾਈਆਂ ਨਾਲ ਉਨ੍ਹਾਂ ਦਾ ਇਲਾਜ ਕੀਤਾ ਗਿਆ ਸੀ। ਚੀਨ ਤੋਂ ਇਕ ਹੋਰ ਖੋਜ ਸਾਹਮਣੇ ਆਈ ਹੈ ਕਿ ਹਾਈਡ੍ਰੋਕਸੀ ਕਲੋਰੋਕਵੀਨ ਦੀ ਵਰਤੋ ਨਾਲ 31 ਵਿਅਕਤੀਆਂ ਦੀ ਖਾਂਸੀ ਤੇ ਨਿਮੋਨੀਆ ਬਹੁਤ ਜਲਦੀ ਠੀਕ ਹੋ ਗਿਆ ਜਦ ਕਿ ਬਾਕੀ 31 ਵਿਅਕਤੀ ਬਿਨਾਂ ਇਸ ਦੇ ਇੰਨੀ ਜਲਦੀ ਠੀਕ ਨਹੀਂ ਹੋਏ।