''ਪਤਨੀ'' ਦਾ ਖੁਦ ਕੀਤਾ ਸਸਕਾਰ, ਫਿਰ ਹੋ ਗਈ ‘ਜਿੰਦਾ’, ਫਿਲਮੀ ਕਹਾਣੀ ਤੋਂ ਘੱਟ ਨਹੀਂ ਪੂਰਾ ਮਾਮਲਾ

Tuesday, Jun 25, 2024 - 02:19 PM (IST)

ਗੋਰਖਪੁਰ, ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਬਾਰੇ ਸੁਣ ਕੇ ਵੀ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਯੂਪੀ ਦੇ ਗੋਰਖਪੁਰ ਤੋਂ ਵੀ ਇਕ ਅਜਿਹਾ ਹੀ ਮਾਮਲੇ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਜਿਸ ਦਾ ਸਸਕਾਰ ਉਸਦੇ ਹੀ ਪਤੀ ਨੇ ਕੀਤਾ ਉਹ ਕੁਝ ਦਿਨਾਂ ਬਾਅਦ ਜਿੰਦਾ ਹੋ ਘਰ ਵਾਪਸ ਆ ਗਈ ਹੈ। ਇਹ ਮਾਮਲਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ 'ਚ ਕਤਲ ਕੀਤੀ ਗਈ ਇਕ ਔਰਤ ਦੀ ਲਾਸ਼ ਮਿਲੀ, ਜਿਸ ਦਾ ਸਸਕਾਰ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਉਹ ਜਿਊਂਦੀ ਨਿਕਲ ਆਈ। ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੀ ਚੱਕਰਾਂ ਵਿੱਚ ਪੈ ਗਈ ਹੈ।
PunjabKesari

ਦਰਅਸਲ, ਗੋਰਖਪੁਰ ਦੇ ਬਾਂਸਗਾਂਵ ਦੇ ਰਹਿਣ ਵਾਲੇ ਰਾਮ ਸੁਮੇਰ (60) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਫੂਲਮਤੀ (40) 15 ਜੂਨ ਨੂੰ ਲਾਪਤਾ ਹੋ ਗਈ। ਇਸ ਤੋਂ ਠੀਕ ਚਾਰ ਦਿਨ ਬਾਅਦ 19 ਜੂਨ ਨੂੰ ਉਰੂਵਾ ਬਾਜ਼ਾਰ ਇਲਾਕੇ 'ਚ ਇਕ ਔਰਤ ਦੀ ਲਾਸ਼ ਮਿਲੀ ਸੀ। ਪੁਲਸ ਨੇ ਦੱਸਿਆ ਕਿ ਸੁਮੇਰ ਨੇ ਲਾਸ਼ ਦੀ ਪਛਾਣ ਆਪਣੀ ਪਤਨੀ ਫੂਲਮਤੀ ਦੇ ਰੂਪ 'ਚ ਕੀਤੀ। ਫੂਲਮਤੀ ਦੀ ਲਾਸ਼ ਘਰ ਆਉਂਦੇ ਸਾਰ ਵੈਣ ਪੈਣ ਲੱਗੇ। ਪਤੀ ਸੁਮੇਰ ਨੇ ਖੁਦ ਲਾਸ਼ ਦਾ ਅੰਤਮ ਸਸਕਾਰ ਵੀ ਕੀਤਾ।

ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦ ਔਰਤ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕੀਤੀ ਗਈ।
ਸ਼ੱਕੀ ਕਾਤਲ ਨੂੰ ਫੜਨ ਲਈ ਪੁਲਸ ਨੇ ਫੂਲਮਤੀ ਦਾ ਮੋਬਾਈਲ ਫੋਨ ਟਰੇਸ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪੁਲਸ ਨੂੰ ਫੂਲਮਤੀ ਦੇ ਮੋਬਾਈਲ ਦੀ ਲੋਕੇਸ਼ਨ ਘਰ ਤੋਂ ਕਰੀਬ 600 ਕਿਲੋਮੀਟਰ ਦੂਰ ਝਾਂਸੀ ਦੀ ਮਿਲੀ।  ਕਾਲ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਫੂਲਮਤੀ ਦੇ ਨੰਬਰ ਅਤੇ ਸੁਲਤਾਨਪੁਰ ਦੇ ਸ਼ੁਭਮ ਨਾਂ ਦੇ ਵਿਅਕਤੀ ਵਿਚਕਾਰ ਲਗਾਤਾਰ ਗੱਲਬਾਤ ਹੋ ਰਹੀ ਸੀ। ਪੁੱਛਗਿੱਛ ਦੌਰਾਨ ਸ਼ੁਭਮ ਨੇ ਪੁਲਸ ਨੂੰ ਦੱਸਿਆ ਕਿ ਫੂਲਮਤੀ ਜ਼ਿੰਦਾ ਹੈ ਅਤੇ ਉਹ ਉਸ ਨੂੰ ਝਾਂਸੀ ਲੈ ਕੇ ਆਇਆ ਸੀ। ਇਸ ਤੋਂ ਬਾਅਦ ਪੁਲਸ ਨੇ ਸ਼ੁਭਮ ਨੂੰ ਉਸਦੇ ਦੱਸੇ ਪਤੇ 'ਤੇ ਲੱਭ ਲਿਆ ਭਾਵ ਫੂਲਮਤੀ ਜਿਊਂਦੀ ਮਿਲ ਗਈ।
PunjabKesari

ਪਤੀ ਸੁਮੇਰ ਨੇ ਪੁਲਸ ਨੂੰ ਦੱਸਿਆ ਕਿ ਫੂਲਮਤੀ 15 ਜੂਨ ਨੂੰ ਆਪਣੇ ਪੇਕੇ ਘਰ ਤੋਂ ਵਾਪਸ ਆ ਰਹੀ ਸੀ ਪਰ ਉਹ ਘਰ ਨਹੀਂ ਪਹੁੰਚੀ। ਕਾਫੀ ਤਫਤੀਸ਼ ਤੋਂ ਬਾਅਦ ਪਤਨੀ ਦੀ ਗੁੰਮਸ਼ੁਦਗੀ ਦਾ ਮਾਮਲਾ ਥਾਣੇ ‘ਚ ਸੁਮੇਰ ਨੇ ਦਰਜ ਕਰਵਾਇਆ। ਐੱਸ. ਪੀ. (ਦੱਖਣੀ) ਜਿਤੇਂਦਰ ਕੁਮਾਰ ਤੋਮਰ ਨੇ ਦੱਸਿਆ ਕਿ ਔਰਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਸ ਨੂੰ ਸ਼ਨੀਵਾਰ ਨੂੰ ਉਸ ਦੇ ਪਤੀ ਕੋਲ ਵਾਪਸ ਭੇਜ ਦਿੱਤਾ ਗਿਆ। ਪੁਲਿਸ ਹੁਣ ਸੁਮੇਰ, ਫੂਲਮਤੀ, ਸ਼ੁਭਮ ਅਤੇ ਜਿਸ ਔਰਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਦੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਹਾਸਲ ਕਰ ਲਈ ਹੈ, ਜਿਸ ਵਿੱਚ ਇੱਕ ਲੜਕਾ ਸ਼ੱਕੀ ਹਾਲਤ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਅਤੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾ ਰਹੀ ਹੈ


DILSHER

Content Editor

Related News