ਰਾਸ਼ਟਰਪਤੀ ਅਹੁਦਾ ਪਾਉਣ ਤੋਂ ਕਿਵੇਂ ਖੁੰਝੇ ਨਾਇਡੂ

07/05/2022 11:55:03 AM

ਨਵੀਂ ਦਿੱਲੀ– ਇਹ ਇਕ ਮਜ਼ੇਦਾਰ ਕਿੱਸਾ ਹੈ ਕਿ ਕਿਉਂ ਉੱਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਰਾਸ਼ਟਰਪਤੀ ਦਾ ਅਹੁਦਾ ਨਹੀਂ ਹਾਸਲ ਕਰ ਸਕੇ। ਹਾਲਾਂਕਿ ਉਹ 2017 ’ਚ ਕੇਂਦਰੀ ਮੰਤਰੀ ਮੰਡਲ ’ਚ ਖੁਸ਼ ਸਨ ਪਰ ਮੋਦੀ ਨੇ ਉੱਪ ਰਾਸ਼ਟਰਪਤੀ ਅਹੁਦਾ ਸਵੀਕਾਰ ਕਰਨ ਲਈ ਉਨ੍ਹਾਂ ’ਤੇ ਦਬਾਅ ਪਾਇਆ ਕਿਉਂਕਿ ਉਨ੍ਹਾਂ ਕੋਲ ਸੰਸਦ ’ਚ ਕਾਫੀ ਤਜਰਬਾ ਹੈ। ਪਾਰਟੀ ਨੂੰ ਰਾਜ ਸਭਾ ਦੇ ਸਪੀਕਰ ਦੇ ਰੂਪ ’ਚ ਵੀ ਉਨ੍ਹਾਂ ਦੀ ਲੋੜ ਸੀ ਕਿਉਂਕਿ ਰਾਜਗ ਰਾਜ ਸਭਾ ’ਚ ਨਿਰਾਸ਼ਾਜਨਕ ਤੌਰ ’ਤੇ ਘੱਟ-ਗਿਣਤੀ ’ਚ ਸੀ।

ਸਵ. ਅਰੁਣ ਜੇਤਲੀ ਵੱਲੋਂ ਨਾਇਡੂ ਨੂੰ ਇਹ ਜ਼ਿੰਮੇਵਾਰੀ ਚੁੱਕਣ ਲਈ ਕਿਵੇਂ ਰਾਜ਼ੀ ਕੀਤਾ ਗਿਆ, ਇਹ ਇਕ ਹੋਰ ਕਿੱਸਾ ਹੈ। ਉਦੋਂ ਕਿਹਾ ਗਿਆ ਸੀ ਕਿ 2022 ’ਚ ਨਾਇਡੂ ਨੂੰ ਰਾਸ਼ਟਰਪਤੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਜਾ ਸਕਦੀ ਹੈ ਪਰ ਨਾਇਡੂ ਕਿਤੇ ਪੱਛੜ ਗਏ ਅਤੇ ਇਹ ਇਕ ਦਰਦਨਾਕ ਫੈਸਲਾ ਵੀ ਸੀ। ਇਹ ਫੈਸਲਾ ਉਨ੍ਹਾਂ ਤੱਕ ਕਿਵੇਂ ਪਹੁੰਚਾਇਆ ਗਿਆ, ਇਹ ਮੋਦੀ ਸਟਾਈਲ ਦੀ ਇਕ ਮਿਸਾਲ ਹੈ।

ਨਾਇਡੂ 20 ਜੂਨ ਨੂੰ ਆਂਧਰ ਪ੍ਰਦੇਸ਼ ਦੇ 3 ਦਿਨਾ ਦੌਰੇ ’ਤੇ ਰਵਾਨਾ ਹੋਏ ਸਨ। ਪਤਾ ਲੱਗਾ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਸੀ ਕਿ ਕੀ ਉਹ ਇਕ ਬਹੁਤ ਹੀ ਮਹੱਤਵਪੂਰਨ ਮੁੱਦੇ ’ਤੇ ਚਰਚਾ ਲਈ ਦਿੱਲੀ ਆ ਸਕਦੇ ਹਨ। ਆਪਣੇ ਦੌਰੇ ਨੂੰ ਵਿਚਾਲੇ ਰੋਕ ਕੇ ਨਾਇਡੂ ਦਿੱਲੀ ਪਰਤ ਆਏ।

ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨੇ 21 ਜੂਨ ਨੂੰ ਉੱਪ ਰਾਸ਼ਟਰਪਤੀ ਨਿਵਾਸ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਨੱਢਾ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੇ ਕੁਝ ਉਮੀਦਵਾਰ ਹਨ, ਜਿਨ੍ਹਾਂ ਨੂੰ ਪਾਰਟੀ ਨੇ ਸ਼ਾਰਟਲਿਸਟ ਕੀਤਾ ਹੈ ਅਤੇ ਇਸ ਮਾਮਲੇ ’ਚ ਉਨ੍ਹਾਂ ਦੇ ਸੁਝਾਵਾਂ ਦੀ ਲੋੜ ਹੈ। ਸੰਭਾਵਿਤਾਂ ਦੀ ਸੂਚੀ ’ਚ ਦ੍ਰੌਪਦੀ ਮੁਰਮੂ ਦਾ ਨਾਂ ਆਇਆ। ਇਹ ਸਿਆਸੀ ਚਾਲਾਕੀ ਅਤੇ ਰਾਜਨੀਤੀ ਵਿਗਿਆਨ ਦੇ ਵਿਦਿਆਰਥੀਆਂ ਲਈ ਇਕ ਸਬਕ ਸੀ ਕਿ ਕਿਸ ਤਰ੍ਹਾਂ ਬੜੀ ਨਿਮਰਤਾ ਨਾਲ ਇਹ ਕੰਮ ਕਰ ਲਿਆ ਗਿਆ। ਭਾਜਪਾ ਨੇ 21 ਜੂਨ ਦੀ ਸ਼ਾਮ ਨੂੰ ਆਪਣੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕੀਤਾ। ਇਸ ਤੋਂ ਬਾਅਦ ਦੇ ਘਟਨਾਕ੍ਰਮ ਤੋਂ ਦੁਨੀਆ ਜਾਣੂ ਹੀ ਹੈ।


Rakesh

Content Editor

Related News