ਦੋਹਰੇ ਕਤਲ ਮਾਮਲੇ ’ਚ ਨੋਇਡਾ ਤੋਂ ਭਗੌੜਾ ਗ੍ਰਿਫ਼ਤਾਰ

Saturday, Nov 08, 2025 - 11:29 AM (IST)

ਦੋਹਰੇ ਕਤਲ ਮਾਮਲੇ ’ਚ ਨੋਇਡਾ ਤੋਂ ਭਗੌੜਾ ਗ੍ਰਿਫ਼ਤਾਰ

ਮੋਹਾਲੀ (ਜੱਸੀ) : ਮੋਹਾਲੀ ਪੁਲਸ ਨੇ ਫ਼ੇਜ਼-3ਬੀ2 ’ਚ ਹੋਏ ਇਕ ਦੋਹਰੇ ਕਤਲ ਮਾਮਲੇ ’ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਗੌਰਵ ਕੁਮਾਰ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ. ਪੀ. (ਡੀ) ਸੌਰਭ ਜਿੰਦਲ ਤੇ ਡੀ. ਐੱਸ. ਪੀ. (ਸਪੈਸ਼ਲ ਕ੍ਰਾਈਮ) ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਤੇ ਅਪਰਾਧੀਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਮੋਹਾਲੀ ਪੁਲਸ ਵੱਲੋਂ ਭਗੌੜਿਆਂ (ਪੀ. ਓਜ਼) ਨੂੰ ਗ੍ਰਿਫ਼ਤਾਰ ਕਰਨ ਲਈ ਪੀ. ਓ. ਸਟਾਫ਼ ਗਠਿਤ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਟਾਸਕ ਦਿੱਤੇ ਗਏ ਹਨ ਤਾਂ ਜੋ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ 23 ਸਤੰਬਰ 2017 ਨੂੰ ਫ਼ੇਜ਼-3ਬੀ2 ਵਿਖੇ ਕਰਨਜੀਤ ਸਿੰਘ ਉਰਫ ਕੇ. ਜੇ. ਸਿੰਘ ਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ।

ਪੁਲਸ ਨੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਗੌਰਵ ਕੁਮਾਰ ਵਾਸੀ ਪਿੰਡ ਪਿੱਪਾਲਾ ਜ਼ਿਲ੍ਹਾ ਬੁਲੰਦਸ਼ਹਿਰ (ਯੂ. ਪੀ.) ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ ਥਾਣਾ ਮਟੌਰ ਵਿਖੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਗੌਰਵ ਕੁਮਾਰ ਨੂੰ ਸਬੰਧਿਤ ਅਦਾਲਤ ’ਚੋਂ 2022 ’ਚ ਜ਼ਮਾਨਤ ਮਿਲ ਗਈ ਅਤੇ ਗੌਰਵ ਕੁਮਾਰ ਮੁੜ ਕੇ ਕਦੇ ਵੀ ਪੇਸ਼ੀ ’ਤੇ ਹਾਜ਼ਰ ਹੀ ਨਹੀਂ ਹੋਇਆ। ਡੀ. ਐੱਸ. ਪੀ. ਲਹਿਲ ਨੇ ਦੱਸਿਆ ਕਿ ਪੁਲਸ ਦੀ ਟੀਮ ਗੌਰਵ ਨੂੰ ਫੜ੍ਹਨ ਲਈ ਉਸ ਦੇ ਜੱਦੀ ਪਿੰਡ ਗਈ ਸੀ ਪਰ ਗੌਰਵ ਆਪਣੇ ਘਰ ਰਹਿ ਹੀ ਨਹੀਂ ਸੀ ਰਿਹਾ। ਪੁਲਸ ਟੀਮ ਨੇ ਕੁੱਝ ਦਿਨ ਉਸ ਇਲਾਕੇ ’ਚ ਰਹਿਣ ਮਗਰੋਂ ਗੌਰਵ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਪੁਲਸ ਨੂੰ ਸੂਚਨਾ ਮਿਲੀ ਕਿ ਗੌਰਵ ਕੁਮਾਰ ਇਸ ਸਮੇਂ ਨੋਇਡਾ ਵਿਖੇ ਰਹਿ ਰਿਹਾ ਹੈ ਤੇ ਇਕ ਕੰਪਨੀ ’ਚ ਬਤੌਰ ਮੈਨੇਜਰ ਨੌਕਰੀ ਕਰ ਰਿਹਾ ਹੈ।

ਪੁਲਸ ਟੀਮ ਨੋਇਡਾ ਪਹੁੰਚੀ ਤੇ ਉਥੋਂ ਦੀ ਪੁਲਸ ਨਾਲ ਸੰਪਰਕ ਕਰਕੇ ਗੌਰਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਗੌਰਵ ਕੁਮਾਰ ਪਹਿਲਾਂ ਨੋਇਡਾ ’ਚ ਬਤੌਰ ਸਕਿਉਰਟੀ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ। ਇਸ ਤੋਂ ਬਾਅਦ ਕੰਪਨੀ ਨੇ ਉਸ ਨੂੰ ਸਰਿਓਰਿਟੀ ਸੁਪਰਵਾਈਜ਼ਰ ਬਣਾ ਦਿੱਤਾ। ਸੁਪਰਵਾਈਰਜ਼ ਦੀ ਨੌਕਰੀ ਦੌਰਾਨ ਉਸ ਦੇ ਕੰਮ ਨੂੰ ਵਧੀਆ ਜਾਣ ਕੇ ਕੰਪਨੀ ਨੇ ਉਸ ਨੂੰ ਮੈਨੇਜ਼ਰ ਦੀ ਤਰੱਕੀ ਦੇ ਦਿੱਤੀ। ਇਸ ਕੰਪਨੀ ਅਧੀਨ ਪੈਂਦੇ ਇਲਾਕੇ ’ਚ 500 ਦੇ ਕਰੀਬ ਘਰ ਹਨ। ਉਨ੍ਹਾਂ ਦੱਸਿਆ ਕਿ ਗੌਰਵ ਕੁਮਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।


author

Babita

Content Editor

Related News