ਹਿਜ਼ਬੁਲ ਅੱਤਵਾਦੀ ਗ੍ਰਿਫ਼ਤਾਰ, 18 ਸਾਲਾਂ ਤੋਂ ਸੀ ਫਰਾਰ

Saturday, Mar 08, 2025 - 04:38 PM (IST)

ਹਿਜ਼ਬੁਲ ਅੱਤਵਾਦੀ ਗ੍ਰਿਫ਼ਤਾਰ, 18 ਸਾਲਾਂ ਤੋਂ ਸੀ ਫਰਾਰ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਪੁਲਸ ਅਤੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਦੀ ਇਕ ਸੰਯੁਕਤ ਟੀਮ ਨੇ 18 ਸਾਲਾਂ ਤੋਂ ਫਰਾਰ 25 ਹਜ਼ਾਰ ਰੁਪਏ ਦੇ ਇਨਾਮੀ ਹਿਜ਼ਬੁਲ ਅੱਤਵਾਦੀ ਉਲਫਤ ਹੁਸੈਨ ਉਰਫ਼ ਮੁਹੰਮਦ ਸੈਫ ਉਲ ਇਸਲਾਮ ਨੂੰ ਜੰਮੂ-ਕਸ਼ਮੀਰ ਦੇ ਸੁਰਨਕੋਟ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਮੁਰਾਦਾਬਾਦ ਅਤੇ ਜੰਮੂ-ਕਸ਼ਮੀਰ 'ਚ ਕਈ ਮਾਮਲੇ ਦਰਜ ਹਨ। ਸੀਨੀਅਰ ਪੁਲਸ ਸੁਪਰਡੈਂਟ ਸਤਪਾਲ ਅੰਤਿਲ ਨੇ ਹਿਜ਼ਬੁਲ ਅੱਤਵਾਦੀ ਉਲਫਤ ਹੁਸੈਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਮੁਰਾਦਾਬਾਦ ਦੀ ਥਾਣਾ ਕਟਘਰ ਪੁਲਸ ਅਤੇ ਏਟੀਐੱਸ ਵਲੋਂ ਗ੍ਰਿਫਤਾਰ ਅੱਤਵਾਦੀ ਉਲਫਤ ਹੁਸੈਨ 'ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਸੀ। ਉਲਫ਼ਤ ਹੁਸੈਨ ਪੁੱਤਰ ਹਾਜੀ ਅਤਾਉੱਲਾ ਖਾਨ, ਪਿੰਡ ਫਜ਼ਲਾਬਾਦ, ਸੁਰਨਕੋਟ ਜ਼ਿਲ੍ਹਾ ਪੁੰਛ ਸੈਕਟਰ ਜੰਮੂ ਅਤੇ ਕਸ਼ਮੀਰ ਦਾ ਰਹਿਣ ਵਾਲਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਪੀਓਕੇ ਤੋਂ ਸਿਖਲਾਈ ਲੈਣ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ। ਉਸ ਵਿਰੁੱਧ ਮੁਰਾਦਾਬਾਦ ਅਤੇ ਜੰਮੂ-ਕਸ਼ਮੀਰ 'ਚ ਕਈ ਮਾਮਲੇ ਦਰਜ ਹਨ।

ਉਨ੍ਹਾਂ ਦੱਸਿਆ ਕਿ ਆਰਮਜ਼ ਐਕਟ, ਪੋਟਾ ਅਤੇ ਸੀਐੱਲ ਐਕਟ ਅਧੀਨ ਲੋੜੀਂਦੇ ਅੱਤਵਾਦੀ ਉਲਫਤ ਹੁਸੈਨ ਨੂੰ ਅਦਾਲਤ ਵਲੋਂ 7 ਜਨਵਰੀ 2015 ਨੂੰ ਭਗੌੜਾ ਘੋਸ਼ਿਤ ਕੀਤਾ ਸੀ ਅਤੇ ਉਸ ਦੇ ਵਿਰੁੱਧ ਸਥਾਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਵੱਲੋਂ 5 ਮਾਰਚ 2025 ਨੂੰ ਇਕ ਸਥਾਈ ਵਾਰੰਟ ਜਾਰੀ ਕੀਤਾ ਗਿਆ। ਮੁਰਾਦਾਬਾਦ ਪੁਲਸ ਵੱਲੋਂ 25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਗਿਆ ਕਿ ਸਾਲ 1999-2000 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਅੱਤਵਾਦ ਦੀ ਸਿਖਲਾਈ ਲੈਣ ਤੋਂ ਬਾਅਦ, ਉਲਫ਼ਤ ਹੁਸੈਨ ਸਾਲ 2001 'ਚ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਮੁਰਾਦਾਬਾਦ (ਉੱਤਰ ਪ੍ਰਦੇਸ਼) ਆਇਆ ਸੀ। 9 ਜੁਲਾਈ 2001 ਨੂੰ ਮੁਰਾਦਾਬਾਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ ਇਕ AK-47, ਇਕ AK-56, 30 ਬੋਰ ਦੇ 2 ਪਿਸਤੌਲ, 12 ਹੈਂਡ ਗ੍ਰਨੇਡ, 39 ਟਾਈਮਰ, 50 ਡੈਟੋਨੇਟਰ ਅਤੇ 37 ਬੈਟਰੀਆਂ, 580 ਜ਼ਿੰਦਾ ਕਾਰਤੂਸ, ਅੱਠ ਮੈਗਜ਼ੀਨ ਅਤੇ 29 ਕਿਲੋ ਵਿਸਫੋਟਕ ਬਰਾਮਦ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News