ਹਿੰਦੂ ਧਰਮ ਸਭ ਤੋਂ ਪੁਰਾਣਾ, ਮੁਸਲਮਾਨ 1500 ਸਾਲ ਪਹਿਲਾਂ ਆਏ : ਆਜ਼ਾਦ
Friday, Aug 18, 2023 - 11:34 AM (IST)
ਜੰਮੂ (ਏਜੰਸੀ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਵੀਰਵਾਰ ਹਿੰਦੂ ਧਰਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਸਭ ਤੋਂ ਪੁਰਾਣਾ ਧਰਮ ਹੈ ਅਤੇ ਸਾਰੇ ਧਰਮ ਹਿੰਦੂ ਧਰਮ ਤੋਂ ਆਏ ਹਨ। ਭਾਰਤ ਵਿੱਚ ਸਾਰੇ ਮੁਸਲਮਾਨ ਪਹਿਲਾਂ ਹਿੰਦੂ ਸਨ। ਆਜ਼ਾਦ ਦਾ ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ, ਡੋਡਾ ’ਚ ਆਯੋਜਿਤ ਇਕ ਜਨ ਸਭਾ ਦਾ ਦੱਸਿਆ ਜਾ ਰਿਹਾ ਹੈ। ਆਜ਼ਾਦ ਨੇ ਬਿਆਨ ਵਿੱਚ ਕਿਹਾ ਕਿ ਪੂਰਾ ਭਾਰਤ ਹਿੰਦੂ ਹੈ। ਭਾਰਤ ਵਿੱਚ ਇਸਲਾਮ 1500 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਜਦਕਿ ਹਿੰਦੂ ਧਰਮ ਸਭ ਤੋਂ ਪੁਰਾਣਾ ਹੈ। 10 ਤੋਂ 15 ਮੁਗਲ ਫੌਜ ਦੇ ਸਿਪਾਹੀ ਭਾਰਤ ਆਏ, ਜੋ ਮੁਸਲਮਾਨ ਸਨ। 600 ਸਾਲ ਪਹਿਲਾਂ ਕਸ਼ਮੀਰ ਵਿੱਚ ਕੋਈ ਮੁਸਲਮਾਨ ਨਹੀਂ ਸੀ, ਸਾਰੇ ਕਸ਼ਮੀਰੀ ਪੰਡਿਤ ਸਨ। ਭਾਰਤ ਵਿੱਚ ਕੋਈ ਵੀ ਬਾਹਰੀ ਨਹੀਂ ਹੈ। ਸਾਰੇ ਹਿੰਦੂ ਸਨ ਜਿਨ੍ਹਾਂ ਬਾਅਦ ਵਿੱਚ ਧਰਮ ਤਬਦੀਲ ਕਰ ਲਿਆ। ਸਿਆਸਤ ਦਾ ਧਰਮ ਨਾਲ ਕੋਈ ਸਬੰਧ ਨਹੀਂ। ਸਿਆਸਤ ਵਿੱਚ ਧਰਮ ਦਾ ਆਸਰਾ ਲੈਣ ਵਾਲੇ ਲੋਕ ਕਮਜ਼ੋਰ ਹਨ। ਧਰਮ ਦੇ ਨਾਂ ’ਤੇ ਵੋਟਾਂ ਲੈਣ ਵਾਲੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ।
ਆਜ਼ਾਦ ਨੇ ਧਾਰਾ 370 ’ਤੇ ਕਪਿਲ ਸਿੱਬਲ ਦੀ ਕੀਤੀ ਸ਼ਲਾਘਾ
ਗੁਲਾਮ ਨਬੀ ਆਜ਼ਾਦ ਨੇ ਸੁਪਰੀਮ ਕੋਰਟ ਵਿੱਚ ਧਾਰਾ 370 ਦਾ ਬਚਾਅ ਕਰਨ ਲਈ ਸੰਸਦ ਮੈਂਬਰ ਅਤੇ ਵਕੀਲ ਕਪਿਲ ਸਿੱਬਲ ਦੀ ਸ਼ਲਾਘਾ ਕੀਤੀ। ਆਜ਼ਾਦ ਨੇ ਨਵੀਂ ਦਿੱਲੀ ਵਿਚ ਸਿੱਬਲ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ’ਤੇ ਚਰਚਾ ਕਰਨ ਲਈ ਇਕ ਘੰਟਾ ਮੀਟਿੰਗ ਕੀਤੀ। ਆਜ਼ਾਦ ਨੇ ਸਿੱਬਲ ਨੂੰ ਕਿਹਾ ਕਿ ਤੁਸੀਂ ਧਾਰਾ 370 ਦੇ ਮਾਮਲੇ ਨੂੰ ਬਹੁਤ ਸਪੱਸ਼ਟ ਢੰਗ ਨਾਲ ਪੇਸ਼ ਕੀਤਾ। ਤੁਸੀਂ ਸ਼ੇਰ ਵਾਂਗ ਗਰਜ ਰਹੇ ਹੋ। ਇਹ ਦੱਸਦੇ ਹੋਏ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਉਸਾਰੂ ਨਤੀਜੇ ਦੀ ਉਮੀਦ ਹੈ, ਆਜ਼ਾਦ ਨੇ ਕਿਹਾ ਕਿ ਯੂ. ਟੀ. ਦੇ ਲੋਕਾਂ ਦੇ ਸਿਆਸੀ ਅਤੇ ਆਰਥਿਕ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8