ਹਿਮਾਚਲ ਪ੍ਰਦੇਸ਼ ਦੀ ਇਸ ਯੂਨੀਵਰਸਿਟੀ ਨੇ ਵੇਚੀਆਂ 36 ਹਜ਼ਾਰ ਫਰਜ਼ੀ ਡਿਗਰੀਆਂ

Monday, Feb 01, 2021 - 12:17 PM (IST)

ਹਿਮਾਚਲ ਪ੍ਰਦੇਸ਼ ਦੀ ਇਸ ਯੂਨੀਵਰਸਿਟੀ ਨੇ ਵੇਚੀਆਂ 36 ਹਜ਼ਾਰ ਫਰਜ਼ੀ ਡਿਗਰੀਆਂ

ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਮਾਨਵ ਭਾਰਤੀ ਯੂਨੀਵਰਸਿਟੀ 'ਚ ਹਿਮਾਚਲ ਪੁਲਸ ਨੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਹਿਮਾਚਲ ਦੇ ਫਰਜ਼ੀ ਡਿਗਰੀ ਘਪਲੇ ਨਾਲ 17 ਸੂਬਿਆਂ 'ਚ ਸਨਸਨੀ ਫੈਲ ਗਈ ਹੈ। ਫਰਜ਼ੀ ਡਿਗਰੀਆਂ ਦਾ ਇਹ ਘਪਲਾ 194 ਕਰੋੜ 17 ਲੱਖ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ ਐੱਸ.ਆਈ.ਟੀ. ਦੀ ਟੀਮ ਨੇ 75 ਥਾਂਵਾਂ 'ਤੇ ਛਾਪੇਮਾਰੀ ਕੀਤੀ ਅਤੇ 275 ਲੋਕਾਂ ਤੋਂ ਪੁੱਛ-ਗਿੱਛ ਕੀਤੀ। ਮਾਨਵ ਭਾਰਤੀ ਟਰੱਸਟ ਵਲੋਂ ਸੋਲਨ 'ਚ ਚਲਾਈ ਜਾ ਰਹੀ ਮਾਨਵ ਭਾਰਤੀ ਯੂਨੀਵਰਸਿਟੀ ਨੇ 11 ਸਾਲਾਂ 'ਚ 17 ਸੂਬਿਆਂ 'ਚ 36 ਹਜ਼ਾਰ ਫਰਜ਼ੀ ਡਿਗਰੀਆਂ ਵੇਚੀਆਂ ਹਨ। 

ਦਰਅਸਲ ਯੂਨੀਵਰਸਿਟੀ ਵਲੋਂ ਜਾਰੀ ਕੀਤੀਆਂ ਕੁੱਲ 41 ਹਜ਼ਾਰ ਡਿਗਰੀਆਂ 'ਚੋਂ ਹੁਣ ਤੱਕ ਸਿਰਫ਼ 5 ਹਜ਼ਾਰ ਹੀ ਸਹੀ ਪਾਈਆਂ ਗਈਆਂ ਹਨ। ਫਰਜ਼ੀ ਡਿਗਰੀ ਮਾਮਲੇ 'ਚ 440 ਕਰੋੜ ਦੀ ਜਾਇਦਾਦ 'ਚੋਂ ਈ.ਡੀ. ਨੇ 194 ਕਰੋੜ ਦੀ ਜਾਇਦਾਦ ਸੀਜ਼ ਕਰ ਲਈ ਹੈ। ਇਹ ਜਾਇਦਾਦ ਜ਼ਿਆਦਾਤਰ ਕਰਨਾਲ ਦੇ ਰਹਿਣ ਵਾਲੇ ਰਾਜਕੁਮਾਰ ਰਾਣਾ ਅਤੇ ਉਸ ਦੇ ਪਰਿਵਾਰ ਦੇ ਨਾਂ 'ਤੇ ਹਨ। ਇਨ੍ਹਾਂ 'ਚੋਂ 7 ਕਰੋੜ ਤੋਂ ਵੱਧ ਐੱਫ.ਡੀ. ਹੈ, ਜਦੋਂ ਕਿ ਹੋਰ ਪੈਸਾ ਬੈਂਕ ਖਾਤਿਆਂ ਅਤੇ ਜਾਇਦਾਦ ਦਾ ਹੈ। 

ਐੱਸ.ਆਈ.ਟੀ. ਨੂੰ ਸ਼ੱਕ ਹੈ ਕਿ ਘਪਲੇ ਹੋਰ ਵੀ ਵੱਡਾ ਹੋ ਸਕਦਾ ਹੈ। ਡੀ.ਜੀ.ਪੀ. ਸੰਜੇ ਕੁੰਡੂ ਨੇ ਦੱਸਿਆ ਕਿ ਹਿਮਾਚਲ ਪੁਲਸ ਨੇ ਇਕ ਐੱਸ.ਆਈ.ਟੀ. ਗਠਿਤ ਕੀਤੀ, ਜਿਸ ਨੇ ਜਾਂਚ ਨੂੰ ਅੱਗੇ ਵਧਾਇਆ। ਜਾਂਚ ਲਈ 4 ਟੀਮਾਂ ਬਣਾਈਆਂ ਗਈਆਂ ਹਨ। ਜਿਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਟਰੱਸਟ ਦੇ ਚੇਅਰਮੈਨ ਰਾਜ ਕੁਮਾਰ ਰਾਣਾ ਦਾ ਪਰਿਵਾਰ ਹਾਲੇ ਆਸਟਰੇਲੀਆ 'ਚ ਹੈ, ਉਨ੍ਹਾਂ ਨੂੰ ਪ੍ਰਦੇਸ਼ 'ਚ ਲਿਆਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਰਾਣਾ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ। ਰਾਣਾ ਨੇ ਆਪਣੀ ਪਤਨੀ ਦੇ ਨਾਂ 'ਤੇ ਹਿਮਾਚਲ 'ਚ ਯੂਨੀਵਰਸਿਟੀ ਬਣਾਈ। ਟਰੱਸਟ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ 'ਚ ਨਿੱਜੀ ਯੂਨੀਵਰਸਿਟੀਆਂ ਚਲਾਉਂਦਾ ਹੈ। ਸਾਬਕਾ ਭਾਜਪਾ ਸਰਕਾਰ ਦੀ ਕੈਬਨਿਟ ਨੇ ਪਹਿਲਾਂ ਯੂਨੀਵਰਸਿਟੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਪਰ ਇਕ ਸਾਲ ਬਾਅਦ ਹੀ 2009 'ਚ ਧੂਮਲ ਸਰਕਾਰ ਨੇ ਯੂਨੀਵਰਸਿਟੀ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ। ਡੀ.ਜੀ.ਪੀ. ਨੇ ਦੱਸਿਆ ਕਿ ਹਾਲੇ ਮਾਮਲਾ ਖ਼ਤਮ ਨਹੀਂ ਹੋਇਆ ਹੈ। ਮਾਮਲੇ 'ਚ ਜਾਂਚ ਚੱਲ ਰਹੀ ਹੈ, ਇਸ ਮਾਮਲੇ 'ਚ ਹੋਰ ਵੀ ਵੱਡੇ ਖ਼ੁਲਾਸੇ ਹੋ ਸਕਦੇ ਹਨ।


author

DIsha

Content Editor

Related News