ਹਿਮਾਚਲ ਪ੍ਰਦੇਸ਼:  ਵੀਰਤਾ ਪੁਰਸਕਾਰ ਵਾਪਸ ਕਰਨ ਰਾਜ ਭਵਨ ਪੁੱਜਾ ਪਰਿਵਾਰ

9/21/2020 5:20:26 PM

ਸ਼ਿਮਲਾ (ਭਾਸ਼ਾ)— ਕਾਂਗੜਾ ਜ਼ਿਲ੍ਹੇ ਦੇ ਵਸਨੀਕ ਅਤੇ ਕੀਰਤੀ ਚੱਕਰ ਤੋਂ ਸਨਮਾਨਤ ਸ਼ਹੀਦ ਅਨਿਲ ਚੌਹਾਨ ਦਾ ਪਰਿਵਾਰ ਸੋਮਵਾਰ ਯਾਨੀ ਕਿ ਅੱਜ ਵੀਰਤਾ ਪੁਰਸਕਾਰ ਵਾਪਸ ਕਰਨ ਸ਼ਿਮਲਾ ਸਥਿਤ ਰਾਜ ਭਵਨ ਪੁੱਜਾ। ਪਰਿਵਾਰ ਦਾ ਦੋਸ਼ ਹੈ ਕਿ ਸੂਬਾ ਸਰਕਾਰ ਚੌਹਾਨ ਦੀ ਸ਼ਹਾਦਤ ਦਾ ਸਨਮਾਨ ਕਰਨ ’ਚ ਨਾਕਾਮ ਰਹੀ ਹੈ। ਕਾਂਗੜਾ ਜ਼ਿਲ੍ਹੇ ਦੇ ਜਯਸਿੰਘਪੁਰ ਵਾਸੀ ਸ਼ਹੀਦ ਦੀ ਮਾਂ ਰਾਜਕੁਮਾਰੀ ਨੇ ਕਿਹਾ ਕਿ ਸੂਬਾ ਸਰਕਾਰ ਸਕੂਲ ਦਾ ਨਾਮਕਰਣ ਚੌਹਾਨ ਦੇ ਨਾਮ ’ਤੇ ਕਰਨ ਅਤੇ ਸਮਾਰਕ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਟੇ ਦੀ ਸ਼ਹਾਦਤ ਦੇ 18 ਸਾਲ ਬਾਅਦ ਵੀ ਵਾਅਦਾ ਨਾ ਪੂਰਾ ਹੋਣ ਤੋਂ ਪਰੇਸ਼ਾਨ ਹੋ ਕੇ ਉਹ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਾਜਪਾਲ ਨੂੰ ਵੀਰਤਾ ਪੁਰਸਕਾਰ ਵਾਪਸ ਕਰਨ ਆਈ ਹੈ।  ਮਾਂ ਰਾਜਕੁਮਾਰੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਅਸਾਮ ’ਚ ‘ਆਪਰੇਸ਼ਨ ਰਾਇਨੋ’ ਦੌਰਾਨ ਜਦੋਂ ਸ਼ਹਾਦਤ ਮਿਲੀ, ਤਾਂ ਉਹ ਸਿਰਫ 23 ਸਾਲ ਦੇ ਸਨ। 

ਇਸ ਦਰਮਿਆਨ ਜਦੋਂ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਪਰਿਵਾਰ ਵਲੋਂ ਰਾਜਪਾਲ ਨੂੰ ਮਿਲਣ ਦੀ ਜਾਣਕਾਰੀ ਮਿਲੀ ਤਾਂ ਉਹ ਰਾਜ ਭਵਨ ਕੰਪਲੈਕਸ ਦੇ ਬਾਹਰ ਸ਼ਹੀਦ ਦੀ ਮਾਂ ਨੂੰ ਮਿਲਣ ਪਹੁੰਚੇ। ਠਾਕੁਰ ਨੇ ਸ਼ਹੀਦ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਓਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਵੇਲੇ ਦੀ ਸੂਬਾ ਸਰਕਾਰ ਨੇ 18 ਸਾਲ ਪਹਿਲਾਂ ਵਾਅਦੇ ਕੀਤੇ ਸਨ, ਜੋ ਹੁਣ ਤੱਕ ਪੂਰੇ ਨਹੀਂ ਹੋਏ ਹਨ। ਉਨ੍ਹਾਂ ਨੇ ਪਰਿਵਾਰ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਤੁਰੰਤ ਮੁੱਖ ਮੰਤਰੀ ਦਫ਼ਤਰ ਆਉਣ ਨੂੰ ਕਿਹਾ। ਪਰਿਵਾਰ ਨੇ ਕਿਹਾ ਕਿ ਰਾਜਪਾਲ ਨਾਲ ਮੁਲਾਕਾਤ ਕਰ ਕੇ ਉਹ ਮੁੱਖ ਮੰਤਰੀ ਦਫ਼ਤਰ ਜਾਣਗੇ। ਜ਼ਿਕਰਯੋਗ ਹੈ ਕਿ ਕੀਰਤੀ ਚੱਕਰ ਸ਼ਾਂਤੀ ਕਾਲ ਵਿਚ ਵੀਰਤਾ ਲਈ ਦਿੱਤਾ ਜਾਣ ਵਾਲਾ ਦੂਜਾ ਸਰਵਉੱਚ ਸਨਮਾਨ ਹੈ, ਜਦਕਿ ਅਸ਼ੋਕ ਚੱਕਰ ਉੱਚ ਵੀਰਤਾ ਪੁਰਸਕਾਰ ਹੈ। 


Tanu

Content Editor Tanu