ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸਫ਼ਰ-ਏ-ਸ਼ਹਾਦਤ ਨਗਰ ਕੀਰਤਨ ਆਰੰਭ, ਸਰਸਾ ਨਦੀ ਪਾਰ ਕਰਕੇ ਪੜਾਵਾਂ ਵੱਲ ਪਾਏ ਚਾਲੇ

Sunday, Dec 21, 2025 - 07:46 PM (IST)

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸਫ਼ਰ-ਏ-ਸ਼ਹਾਦਤ ਨਗਰ ਕੀਰਤਨ ਆਰੰਭ, ਸਰਸਾ ਨਦੀ ਪਾਰ ਕਰਕੇ ਪੜਾਵਾਂ ਵੱਲ ਪਾਏ ਚਾਲੇ

ਰੂਪਨਗਰ (ਵਿਜੇ ਸ਼ਰਮਾ)-6 ਅਤੇ 7 ਪੋਹ ਮਹੀਨੇ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਕਿਲ੍ਹਾ ਅਨੰਦਗੜ੍ਹ ਨੂੰ ਛੱਡਣ ਉਪਰੰਤ ਚਾਲੇ ਪਾਏ। ਉਧਰ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਊਆਂ ਤੇ ਮੁਸਲਮਾਨਾਂ ਨੇ ਕੁਰਾਨ ਦੀਆਂ ਖਾਧੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ ਅਤੇ 7 ਪੋਹ ਦੀ ਰਾਤ ਨੂੰ ਵੱਖੋ-ਵੱਖ ਪੜਾਵਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਪਹਾੜੀ ਰਾਜਿਆਂ ਤੇ ਮੁਸਲਮਾਨਾਂ ਨਾਲ ਯੁੱਧ ਕਰਦੇ ਹੋਏ ਆਖਰ ਸਰਸਾ ਨਦੀ ਦੇ ਕੰਢੇ ’ਤੇ ਪਹੁੰਚੇ ਜਿੱਥੇ ਘਮਸਾਣ ਦਾ ਯੁੱਧ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਅਤੇ ਆਖਰੀ 7 ਪੋਹ ਦੀ ਰਾਤ ਸਰਸਾ ਨਦੀ ਪਾਰ ਕਰਦੇ ਹੋਏ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ’ਚ ਵਿਛੜਨ ਉਪਰੰਤ ਵੱਖੋ-ਵੱਖ ਰਾਹਾਂ ’ਤੇ ਚਾਲੇ ਪਾ ਦਿੰਦੇ ਹਨ। 

PunjabKesari

ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਨਾਲੋਂ ਵਿਛੜ ਕੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕਿਨਾਰੇ ਕੁੰਮਾਂ ਮਾਸ਼ਕੀ ਦੀ ਛੰਨ ਝੌਂਪੜੀ ਵਿਚ ਪਹੁੰਚਦੇ ਹਨ ਜਿੱਥੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਵਿਸ਼ਰਾਮ ਕਰਦੇ ਹਨ ਤੇ ਮਾਈ ਲੱਛਮੀ ਬਾਈ ਨੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਦਿਆਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਸੀ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! 25 ਤਾਰੀਖ਼ ਤੱਕ ਦੀ ਪੜ੍ਹੋ Weather ਅਪਡੇਟ,  Yellow ਅਲਰਟ ਜਾਰੀ

ਗੁਰੂ ਕੇ ਮਹਿਲ ਸਰਸਾ ਪਾਰ ਕਰਕੇ ਰੋਪੜ ਪਹੁੰਚਦੇ ਹਨ ਤੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਤੇ ਘੋੜ ਸਵਾਰ ਸਿੰਘ ਚਮਕੌਰ ਸਾਹਿਬ ਪਹੁੰਚਦੇ ਹਨ।  ਪਰਿਵਾਰ ਵਿਛੜਨ ਦੇ ਇਸ ਦੁੱਖਾਂ ਭਰੇ ਸਮੇਂ ਨੂੰ ਯਾਦ ਕਰਦਿਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਦੀ ਅਗਵਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ 6 ਅਤੇ 7 ਪੋਹ ਦੀ ਰਾਤ ਨੂੰ ਕੀਰਤਨ ਸਮਾਗਮ ਸਜਾਇਆ ਜਾਂਦਾ ਤੇ 7 ਪੋਹ ਅੰਮ੍ਰਿਤ ਵੇਲੇ ਆਸਾ ਦੀ ਵਾਰ ਕੀਰਤਨ ਉਪਰੰਤ ਤਿੰਨ ਸਫਰ - ਏ - ਸ਼ਹਾਦਤ ਪੈਦਲ ਨਗਰਕੀਰਤਨ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਕੇ ਸਰਸਾ ਨਦੀ ਪਾਰ ਕਰਨ ਉਪਰੰਤ ਆਪਣੇ ਵੱਖੋ-ਵੱਖ ਪੜਾਵਾਂ ਤੋਂ ਹੁੰਦੇ ਹੋਏ ਆਪਣੇ ਅਸਥਾਨਾਂ ’ਤੇ ਪਹੁੰਚਣਗੇ ਜਿਸ ’ਚ ਘੋੜ ਸਵਾਰ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਕੇ ਸਰਸਾ ਪਾਰ ਕਰਨ ਉਪਰੰਤ ਥਰਮਲ ਪਲਾਂਟ ਰੋਪੜ ਤੋਂ ਹੁੰਦੇ ਹੋਏ ਵੱਖੋ-ਵੱਖ ਪਿੰਡਾਂ ਰਾਹੀਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ (ਗੜ੍ਹੀ ਸਾਹਿਬ) ਚਮਕੌਰ ਸਾਹਿਬ ਪਹੁੰਚਣਗੇ ਜਦਕਿ ਬੀਬੀਆਂ ਦਾ ਪੈਦਲ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਕੇ ਸਰਸਾ ਪਾਰ ਕਰਨ ਉਪਰੰਤ ਆਪਣੇ ਪੁਰਾਤਨ ਰਸਤੇ ਰਾਹੀਂ ਰੋਪੜ ਉਚਾ ਖੇੜਾ ਵਿਖੇ ਗੁਰੂ ਕੇ ਮਹਿਲ ਵਿਖੇ ਪਹੁੰਚਣਗੇ |
ਇਸੇ ਤਰ੍ਹਾਂ ਸਫ਼ਰ-ਏ-ਸ਼ਹਾਦਤ ਪੈਦਲ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ ਤੋਂ ਹੋ ਕੇ ਸਰਸਾ ਨਦੀ ਪਾਰ ਕਰਦਿਆਂ ਰਣਜੀਤਪੁਰਾ ਤੋ ਹੁੰਦੇ ਹੋਏ ਗੁਰਦੁਆਰਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ (ਛੰਨ ਬਾਬਾ ਕੁੰਮਾਂ ਮਾਸ਼ਕੀ ਜੀ) ਪਿੰਡ ਚੱਕ ਢੇਰਾ (ਪੱਤਣ ) ਵਿਖੇ ਪਹੁੰਚ ਕੇ ਸਮਾਪਤੀ ਹੋਈ।

PunjabKesari

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਨਗਰ ਕੀਰਤਨ ਦੇ ਹੋਏ ਵਿਰੋਧ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਇਨ੍ਹਾਂ ਤਿੰਨ ਨਗਰ ਕੀਰਤਨਾਂ ਦਾ ਵੱਖ-ਵੱਖ ਪਿੰਡਾਂ ’ਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ | ਜਿਹੜੇ-ਜਿਹੜੇ ਪੜਾਵਾਂ ਤੋਂ ਇਹ ਨਗਰ ਕੀਰਤਨ ਗੁਜ਼ਰਦੇ ਗਏ ਸੰਗਤਾਂ ਦੇ ਸਵਾਗਤ ਲਈ ਪਿੰਡਾਂ ਦੀਆਂ ਸੰਗਤਾਂ ਵਲੋਂ ਉਚੇਚੇ ਪ੍ਰਬੰਧ ਕੀਤੇ ਗਏ ਸਨ ਤੇ ਬਹੁਤ ਹੀ ਸ਼ਰਧਾ ਦੇ ਨਾਲ ਨਗਰ ਕੀਰਤਨਾਂ ਦਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਬੱਚਿਆਂ ਤੇ ਕੀਰਤਨੀ ਜਥਿਆਂ ਨੇ ਬਹੁਤ ਹੀ ਵੈਰਾਗਮਈ ਕੀਰਤਨ ਕਰਦਿਆਂ ਉਨ੍ਹਾਂ ਇਤਿਹਾਸਕ ਪਲਾਂ ਨੂੰ ਸੰਗਤਾਂ ਨੂੰ ਯਾਦ ਕਰਵਾਇਆ ਕਿ ਕਿਵੇਂ ਦਾਦੀ ਮਾਤਾ ਗੁਜਰ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਮੇਤ ਇਸ ਠਾਠਾ ਮਾਰਦੀ ਸਰਸਾ ਨਦੀ ਨੂੰ ਪਾਰ ਕਰ ਕੇ ਕੁੰਮੇ ਮਾਸ਼ਕੀ ਤੱਕ ਪਹੁੰਚ ਕੀਤੀ ਤੇ ਬਾਕੀ ਨਗਰ ਕੀਰਤਨ ਵੀ ਸਰਸਾ ਪਾਰ ਕਰਨ ਉਪਰੰਤ ਵੱਖੋ-ਵੱਖ ਪੜਾਵਾਂ ਰਾਹੀ ਆਪਣੇ ਸਥਾਨਾਂ ’ਤੇ ਜਾ ਕੇ ਸਮਾਪਤ ਹੋਏ। 

PunjabKesari

ਇਸ ਮੌਕੇ ਸਾਰੀਆਂ ਸੰਗਤਾਂ ਦੇ ਮੁੱਖੋਂ ਵਾਹਿਗੁਰੂ ਸਿਮਰਨ ਤੇ ਉਨ੍ਹਾਂ ਵੈਰਾਗਮਈ ਪਲਾਂ ਨੂੰ ਯਾਦ ਕਰ ਕੇ ਸਾਰੀਆਂ ਸੰਗਤਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ | ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਚੇਚੇ ਤੌਰ ’ਤੇ ਇਸ ਸਫਰ-ਏ-ਸ਼ਹਾਦਤ ਨਗਰ ਕੀਰਤਨ ਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਪੈਦਲ ਚੱਲ ਕੇ ਸੰਗਤਾਂ ਦੇ ਨਾਲ ਗੁਰਬਾਣੀ ਦਾ ਜਾਪ ਕਰਦੇ ਹੋਏ ਸਰਸਾ ਨਦੀ ਪਾਰ ਕਰ ਕੇ ਗੁਰਦੁਆਰਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ( ਛੰਨ ਬਾਬਾ ਕੁੰਮਾਂ ਮਾਸ਼ਕੀ ਜੀ) ਪਿੰਡ ਚੱਕ ਢੇਰਾ (ਪੱਤਣ) ’ਤੇ ਨਤਮਸਤਕ ਹੋਏ | ਇਸ ਮੌਕੇ ਪਿੰਡ ਅਵਾਨਕੋਟ, ਸਰਸਾ ਨੰਗਲ, ਆਲੋਵਾਲ, ਮਾਜਰੀ ਗੁੱਜਰਾਂ, ਰਣਜੀਤਪੁਰਾ ਦੀਆਂ ਸੰਗਤਾਂ ਤੋਂ ਇਲਾਵਾ ਗਿਆਨੀ ਸੁਖਵਿੰਦਰ ਸਿੰਘ ਕਥਾਵਾਚਕ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਸਮੂਹ ਸੇਵਾਦਾਰ,ਅਮਰਜੀਤ ਸਿੰਘ, ਜੁਝਾਰ ਸਿੰਘ ਆਸਪੁਰ, ਦਲਬਾਰਾ ਸਿੰਘ ਘਨੌਲੀ, ਜਰਨੈਲ ਸਿੰਘ ਕੋਟਾਂ , ਜਸਵੀਰ ਸਿੰਘ ਘਨੌਲੀ ,ਸੁਰਜੀਤ ਸਿੰਘ ਘਨੌਲੀ ਤੋਂ ਇਲਾਵਾ ਇਸ ਮੌਕੇ ਇਲਾਕੇ ਦੀਆਂ ਅਤੇ ਹੋਰ ਬਾਹਰ ਦੀਆਂ ਸੰਗਤਾ ਬਹੁਤ ਭਾਰੀ ਗਿਣਤੀ ’ਚ ਸ਼ਾਮਿਲ ਹੋਈਆਂ |

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਨਗਰ ਕੀਰਤਨ ਦੇ ਵਿਰੋਧ 'ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News