ਹਿਮਾਚਲ ਵਿਧਾਨ ਸਭਾ ਜ਼ਿਮਨੀ ਚੋਣਾਂ: BJP ਨੇ ਕਾਂਗਰਸ ਤੋਂ ਆਏ 6 ਬਾਗੀਆਂ ਨੂੰ ਦਿੱਤੀ ਟਿਕਟ

Tuesday, Mar 26, 2024 - 02:42 PM (IST)

ਹਿਮਾਚਲ ਵਿਧਾਨ ਸਭਾ ਜ਼ਿਮਨੀ ਚੋਣਾਂ: BJP ਨੇ ਕਾਂਗਰਸ ਤੋਂ ਆਏ 6 ਬਾਗੀਆਂ ਨੂੰ ਦਿੱਤੀ ਟਿਕਟ

ਸ਼ਿਮਲਾ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਹਿਮਾਚਲ ਪ੍ਰਦੇਸ਼ ਦੀਆਂ 6 ਵਿਧਾਨ ਸਭਾ ਸੀਟਾਂ 'ਤੇ ਲੋਕ ਸਭਾ ਦੇ ਨਾਲ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਕਾਂਗਰਸ ਦੇ ਸਾਰੇ ਬਾਗੀਆਂ ਨੂੰ ਟਿਕਟ ਦਿੱਤੀ ਹੈ। ਧਰਮਸ਼ਾਲਾ ਵਿਧਾਨ ਸਭਾ ਸੀਟ ਤੋਂ ਸੁਧੀਰ ਸ਼ਰਮਾ, ਲਾਹੌਲ-ਸਪਿਤੀ ਤੋਂ ਰਵੀ ਠਾਕੁਰ, ਸੁਜਾਨਪੁਰ ਤੋਂ ਰਜਿੰਦਰ ਰਾਣਾ, ਬਡਸਰ ਤੋਂ ਇੰਦਰਦੱਤ ਲਖਨਪਾਲ, ਗਗਰੇਟ ਤੋਂ ਚੈਤੰਨਿਆ ਸ਼ਰਮਾ ਅਤੇ ਕੁਟਲੈਹੜ ਤੋਂ ਦਵਿੰਦਹਰ ਕੁਮਾਰ ਭੁੱਟੋ ਨੂੰ ਉਮੀਦਵਾਰ ਬਣਾਇਆ ਗਿਆ ਹੈ। 

PunjabKesari

ਜ਼ਿਕਰਯੋਗ ਹੈ ਕਿ ਕਾਂਗਰਸ ਦੇ 6 ਆਯੋਗ ਕਰਾਰ ਬਾਕੀ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਬੀਤੇ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਭਾਜਪਾ ਦਾ ਪੱਲਾ ਫੜਿਆ ਸੀ। ਇਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਕਰਦੇ ਸਮੇਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਹਾਲਾਂਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਅਜੇ ਤੱਕ ਪ੍ਰਵਾਨ ਨਹੀਂ ਕੀਤੇ ਗਏ ਹਨ। ਅਜਿਹੇ 'ਚ ਉਨ੍ਹਾਂ ਦੀਆਂ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਸ਼ਡਿਊਲ 'ਤੇ ਬਾਅਦ 'ਚ ਸਥਿਤੀ ਸਪੱਸ਼ਟ ਹੋਵੇਗੀ।

ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 68 ਮੈਂਬਰੀ ਰਾਜ ਵਿਧਾਨ ਸਭਾ ਵਿੱਚ ਕਾਂਗਰਸ ਦੇ 40 ਵਿਧਾਇਕ ਸਨ, ਜਦਕਿ ਭਾਜਪਾ ਦੇ 25 ਵਿਧਾਇਕ ਸਨ। ਤਿੰਨ ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ। ਕਾਂਗਰਸ ਦੇ ਛੇ ਵਿਧਾਇਕਾਂ ਨੂੰ ਵਿੱਤ ਬਿੱਲ ਪਾਸ ਕਰਨ ਵੇਲੇ ਵ੍ਹਿੱਪ ਜਾਰੀ ਹੋਣ ਦੇ ਬਾਵਜੂਦ ਸਦਨ ਵਿੱਚ ਹਾਜ਼ਰ ਨਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ। ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫ਼ੇ ਪ੍ਰਵਾਨ ਹੋਣ ਤੋਂ ਬਾਅਦ 9 ਵਿਧਾਇਕਾਂ ਦੀ ਕਮੀ ਹੋ ਜਾਵੇਗੀ ਅਤੇ ਵਿਧਾਨ ਸਭਾ ਵਿੱਚ 59 ਵਿਧਾਇਕ ਰਹਿ ਜਾਣਗੇ।

ਹਿਮਾਚਲ 'ਚ ਕਦੋਂ ਹੋਣਗੀਆਂ ਜ਼ਿਮਨੀ ਚੋਣਾਂ

ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਆਖਰੀ ਅਤੇ ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਇਸੇ ਦਿਨ ਛੇ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਵੀ ਹੋਣਗੀਆਂ। ਇਹ ਛੇ ਵਿਧਾਨ ਸਭਾ ਹਲਕੇ ਉਹੀ ਹਨ ਜਿੱਥੋਂ ਕਾਂਗਰਸ ਨੇ ਛੇ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਸੂਬੇ ਵਿੱਚ 7 ​​ਮਈ ਨੂੰ ਚੋਣ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 14 ਮਈ ਰੱਖੀ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਛਾਂਟੀ 15 ਮਈ ਨੂੰ ਹੋਵੇਗੀ। 17 ਮਈ ਨੂੰ ਨਾਮ ਵਾਪਸ ਲਏ ਜਾ ਸਕਦੇ ਹਨ। ਛੇ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਲਈ ਵੀ ਇਹੀ ਪ੍ਰਕਿਰਿਆ ਅਪਣਾਈ ਜਾਵੇਗੀ।


author

Rakesh

Content Editor

Related News