ਰੇਲਵੇ ਨੇ ਬਿਨਾ ਟਿਕਟ ਦੇ ਸਫ਼ਰ ਕਰਨ ਵਾਲਿਆਂ ਤੋਂ ਵਸੂਲੇ 2.50 ਕਰੋੜ ਰੁਪਏ

Thursday, Apr 02, 2026 - 05:58 PM (IST)

ਰੇਲਵੇ ਨੇ ਬਿਨਾ ਟਿਕਟ ਦੇ ਸਫ਼ਰ ਕਰਨ ਵਾਲਿਆਂ ਤੋਂ ਵਸੂਲੇ 2.50 ਕਰੋੜ ਰੁਪਏ

ਲੁਧਿਆਣਾ (ਗੌਤਮ): ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਰਾਂ ਨੇ ਬਿਨਾਂ ਟਿਕਟ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2 ਕਰੋੜ 50 ਲੱਖ ਰੁਪਏ ਦਾ ਮਾਲੀਆ (ਰੇਵੇਨਿਊ) ਇਕੱਠਾ ਕੀਤਾ ਹੈ। ਡੀ.ਆਰ.ਐੱਮ ਸੰਜੀਵ ਕੁਮਾਰ ਨੇ ਦੱਸਿਆ ਕਿ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। 

ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਮਾਰਚ ਮਹੀਨੇ ਦੌਰਾਨ ਟ੍ਰੇਨਾਂ ਵਿਚ ਟਿਕਟ ਚੈਕਿੰਗ ਦੌਰਾਨ 37,926 ਯਾਤਰੀ ਬਿਨਾਂ ਟਿਕਟ ਅਤੇ ਨਿਯਮਾਂ ਦੇ ਉਲਟ ਯਾਤਰਾ ਕਰਦੇ ਹੋਏ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 2.50 ਕਰੋੜ ਰੁਪਏ ਦਾ ਮਾਲੀਆ ਵਸੂਲਿਆ ਗਿਆ। ਫਿਰੋਜ਼ਪੁਰ ਮੰਡਲ ਨੇ ਮੌਜੂਦਾ ਵਿੱਤੀ ਸਾਲ ਵਿਚ ਟਿਕਟ ਚੈਕਿੰਗ ਰਾਹੀਂ ਲਗਭਗ 31.51 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ ਜੋ ਕਿ ਮੁੱਖ ਦਫਤਰ ਵੱਲੋਂ ਦਿੱਤੇ ਗਏ ਨਿਰਧਾਰਿਤ ਟੀਚੇ ਤੋਂ ਲਗਭਗ 3 ਫੀਸਦੀ ਜ਼ਿਆਦਾ ਹੈ। ਫਿਰੋਜ਼ਪੁਰ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਮੁਹਿੰਮ ਚਲਾ ਕੇ ਉਨ੍ਹਾਂ ਨੂੰ "ਰੇਲਵਨ" ਰਾਹੀਂ ਟਿਕਟ ਬੁੱਕ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਈ ਰੱਖਣ ਅਤੇ ਆਮ ਜਨਤਾ ਨੂੰ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ। 

ਇਸ ਦੇ ਨਤੀਜੇ ਵਜੋਂ ਮਾਰਚ ਮਹੀਨੇ ਵਿਚ 407 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਕਾਰਨ (ਐਂਟੀ ਲਿਟਰਿੰਗ ਐਕਟ) ਉਨ੍ਹਾਂ ਤੋਂ 69 ਹਜ਼ਾਰ ਰੁਪਏ ਤੋਂ ਵੱਧ ਵਸੂਲੇ ਗਏ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਰੇਲ ਮਾਲੀਏ ਵਿਚ ਵਾਧੇ ਦੇ ਨਾਲ-ਨਾਲ ਟ੍ਰੇਨ ਵਿਚ ਯਾਤਰਾ ਦੌਰਾਨ ਗੁਆਚੇ ਹੋਏ ਸਾਮਾਨ, ਗੁਆਚੇ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਉਣ ਲਈ ਹਮੇਸ਼ਾ ਤਿਆਰ ਰਹਿ ਕੇ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਉਂਦੇ ਰਹਿੰਦੇ ਹਨ। 


author

Anmol Tagra

Content Editor

Related News