BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

Sunday, Apr 05, 2026 - 12:32 PM (IST)

BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ/ਜਲੰਧਰ (ਵੈੱਬ ਡੈਸਕ/ਅੰਕੁਰ/ਧਵਨ): ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਮੁਲਜ਼ਮਾਂ ਕੋਲੋਂ ਇਕ ਪਿਸਟਲ ਵੀ ਬਰਮਾਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੇ ਬੰਬ ਸੁੱਟਿਆ ਸੀ ਤੇ ਦੂਸਰੇ ਨੇ ਇਸ ਘਟਨਾ ਦੀ ਵੀਡੀਓ ਬਣਾਈ ਸੀ।

ਮੁਲਜ਼ਮਾਂ ਦੀ ਪਛਾਣ ਮਅਮਨਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ ਹੈ। ਦੋਸ਼ ਲਗਾਇਆ ਗਿਆ ਹੈ ਕਿ ਅਮਨਪ੍ਰੀਤ ਸਿੰਘ ਨੇ ਹੀ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਿਆ ਸੀ ਤੇ ਗੁਰਤੇਜ ਸਿੰਘ ਨੇ ਇਸ ਦੀ ਵੀਡੀਓ ਬਣਾਈ ਸੀ। ਦੱਸ ਦਈਏ ਕਿ ਇਸ ਤੋਂ ਪੁਲਸ ਨੇ ਇਸ ਮਾਮਲੇ ਵਿਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਤੋਂ ਇਕ ਹੈਂਡ ਗ੍ਰੇਨੇਡ, ਇਕ .30 ਬੋਰ ਦੀ ਜਿਗਾਨਾ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। 

ਡੀ. ਜੀ. ਪੀ. ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਮਾਜਰੀ (ਐੱਸ. ਬੀ. ਐੱਸ. ਨਗਰ) ਦੇ ਬਲਵਿੰਦਰ ਲਾਲ ਉਰਫ਼ ਸ਼ੰਮੀ, ਪਿੰਡ ਭਰਾਪੁਰ (ਐੱਸ. ਬੀ. ਐੱਸ. ਨਗਰ) ਦੇ ਜਸਵੀਰ ਸਿੰਘ ਉਰਫ਼ ਜੱਸੀ, ਪਿੰਡ ਸੁਜਾਵਲਪੁਰ (ਐੱਸ. ਬੀ. ਐੱਸ. ਨਗਰ) ਦੇ ਚਰਨਜੀਤ ਸਿੰਘ ਉਰਫ਼ ਚੰਨੀ, ਪਿੰਡ ਠਾਣਾ (ਸ਼ਿਮਲਾ) ਦੇ ਰੂਬਲ ਚੌਹਾਨ ਅਤੇ ਧੂਰੀ (ਸੰਗਰੂਰ) ਦੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਵਜੋਂ ਹੋਈ ਹੈ।

ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਹਮਾਇਤ ਹਾਸਲ ਸੀ ਅਤੇ ਇਹ ਪੁਰਤਗਾਲ ਅਤੇ ਜਰਮਨੀ ਵਿਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਇਕ ਸੰਗਠਿਤ ਨੈੱਟਵਰਕ ਦਾ ਹਿੱਸਾ ਸਨ, ਜਿਸ ਵਿਚ ਹਮਲੇ ਨੂੰ ਅੰਜਾਮ ਦੇਣ ਲਈ ਕਈ ਕੱਟ-ਆਊਟ ਅਤੇ ਸਬ-ਮਾਡਿਊਲ ਸ਼ਾਮਲ ਸਨ। ਹਮਲੇ ਵਿਚ ਸ਼ਾਮਲ 2 ਮੁੱਖ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ ਹੈ।

ਏ. ਆਈ. ਜੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.), ਐੱਸ. ਏ. ਐੱਸ. ਨਗਰ ਦੀਪਕ ਪਾਰਿਕ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਜ਼ਿੰਦਾ ਕਾਰਤੂਸਾਂ ਦੀ ਇਕ ਖੇਪ ਭੇਜੀ ਗਈ ਸੀ, ਜੋ ਕਈ ਗੁਰਗਿਆਂ ਕੋਲੋਂ ਹੁੰਦੀ ਹੋਈ ਅੰਤਿਮ ਮੁਲਜ਼ਮਾਂ ਤੱਕ ਪਹੁੰਚੀ ਸੀ। ਏ. ਆਈ. ਜੀ. ਨੇ ਕਿਹਾ ਕਿ ਪੁਰਤਗਾਲ ਸਥਿਤ ਹੈਂਡਲਰ ਦੇ ਨਿਰਦੇਸ਼ਾਂ ’ਤੇ ਮੁਲਜ਼ਮਾਂ ਨੇ ਹਮਲੇ ਨੂੰ ਅੰਜਾਮ ਦੇਣ ਲਈ ਤਾਲਮੇਲ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਹਮਲੇ ਵਿਚ ਸ਼ਾਮਲ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧੀ ਪੁਲਸ ਸਟੇਸ਼ਨ ਐੱਸ. ਐੱਸ. ਓ. ਸੀ., ਐੱਸ. ਬੀ. ਐੱਸ. ਨਗਰ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।


author

Anmol Tagra

Content Editor

Related News