ਹੈਪੇਟਾਈਟਸ ਦਿਵਸ : ਅੱਜ ਵੀ ਹਜ਼ਾਰਾਂ ਲੋਕ 'ਕਾਲਾ ਪੀਲੀਆ' ਤੋਂ ਨੇ ਪੀੜਤ, ਜਾਣੋ ਬਚਾਅ ਤੇ ਜਾਂਚ ਦੇ ਢੰਗ
Friday, Jul 28, 2023 - 02:50 PM (IST)
ਵਿਸ਼ਵ ਹੈਪੇਟਾਈਟਸ ਦਿਵਸ ਲਈ 28 ਜੁਲਾਈ ਦਾ ਦਿਨ ਇਸ ਲਈ ਚੁਣਿਆਂ ਗਿਆ ਹੈ ਕਿਉਂਕਿ ਇਸ ਦਿਨ 'ਨੋਬਲ ਪੁਰਸਕਾਰ ਜੇਤੂ' ਵਿਗਿਆਨੀ ਡਾ.ਬਾਰੂਚ ਬਲਮਬਰਗ ਦਾ ਜਨਮ ਹੋਇਆ ਸੀ, ਜਿਸ ਨੇ ਹੈਪੇਟਾਈਟਸ ਬੀ-ਵਾਇਰਸ ਦੀ ਖੋਜ ਕੀਤੀ ਸੀ ਅਤੇ ਵਾਇਰਸ ਲਈ ਇੱਕ ਡਾਇਗਨੌਸਟਿਕ ਟੈਸਟ ਅਤੇ ਵੈਕਸੀਨ ਵੀ ਵਿਕਸਿਤ ਕੀਤੀ ਸੀ। ਇਸ ਵਾਰ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ 'ਇੱਕ ਜੀਵਨ-ਇੱਕ ਜਿਗਰ' ਦਾ ਥੀਮ ਤਾਂ ਜਾਰੀ ਕੀਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਹੈਪੇਟਾਈਟਸ ਪ੍ਰਤੀ ਸਿੱਖਿਅਕ ਕਰਕੇ ਬਚਾਅ, ਜਾਂਚ ਅਤੇ ਇਲਾਜ ਬਾਰੇ ਜਾਗਰੂਕ ਕਰਕੇ ਇਸ ਨੂੰ ਖ਼ਤਮ ਕੀਤਾ ਜਾ ਸਕੇ, ਕਿਉਂਕਿ ਤੁਹਾਨੂੰ ਇੱਕ ਜ਼ਿੰਦਗੀ ਅਤੇ ਸਿਰਫ ਇੱਕ ਹੀ ਜਿਗਰ ਮਿਲਿਆ ਹੈ, ਹੈਪੇਟਾਈਟਸ ਦੋਵਾਂ ਨੂੰ ਤਬਾਹ ਕਰ ਸਕਦਾ ਹੈ। ਅੰਗਰੇਜ਼ੀ ਦੇ ਅੱਖਰ ਹੈਪੇਟਾਈਟਸ ਨੂੰ ਗੰਭੀਰ ਜਿਗਰ ਦੀ ਬਿਮਾਰੀ ਜਾਂ ਪੀਲੀਆ ਕਹਿੰਦੇ ਹਨ, ਮੁੱਖ ਤੌਰ 'ਤੇ ਪੀਲੀਆ 5 ਤਰ੍ਹਾਂ ਦੇ ਵਿਸ਼ਾਣੂਆਂ ਕਾਰਨ ਹੁੰਦਾ ਹੈ। ਹੈਪੇਟਾਈਟਸ-ਏ, ਬੀ, ਸੀ, ਡੀ ਅਤੇ ਈ। ਹੈਪੇਟਾਈਟਸ-ਏ ਅਤੇ ਈ 'ਚ ਵਿਸ਼ਾਣੂ ਦੂਸ਼ਿਤ ਪਾਣੀ ਅਤੇ ਖੁਰਾਕ ਰਾਹੀ ਮਨੁੱਖੀ ਮੂੰਹ ਦੇ ਰਸਤੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੇ ਹਨ, ਜਦੋਂਕਿ ਹੈਪੇਟਾਈਟਸ-ਬੀ ਅਤੇ ਸੀ ਸੰਕਰਮਿਤ ਖੂਨ ਅਤੇ ਸਰੀਰਕ ਫਲਿਊਡਜ਼ ਦੇ ਸੰਪਰਕ 'ਚ ਆਉਣ ਨਾਲ ਹੁੰਦਾ ਹੈ, ਜਿਵੇਂ ਮਾਂ ਦੁਆਰਾ ਬੱਚੇ ਨੂੰ ਜਨਮ ਦੇਣ ਸਮੇਂ, ਦੂਸ਼ਿਤ ਸੂਈਆਂ ਸਰਿੰਜ਼ਾਂ ਅਤੇ ਔਜਾਰਾਂ ਦੀ ਵਰਤੋਂ ਨਾਲ, ਮੇਲਿਆਂ ਆਦਿ 'ਚ ਸਰੀਰ 'ਤੇ ਟੈਟੂ ਬਨਵਾਉਣ ਕਾਰਨ ਅਤੇ ਅਸੁਰੱਖਿਅਤ ਜਿਨਸੀ ਸਬੰਧਾਂ ਕਾਰਨ ਫੈਲ ਸਕਦਾ ਹੈ। ਹੈਪੇਟਾਈਟਸ-ਡੀ ਕਦੇ ਵੀ ਇਕੱਲੇ ਨਹੀਂ ਹੁੰਦਾ, ਇਹ ਸਿਰਫ ਉਸ ਮਰੀਜ਼ 'ਚ ਦੇਖਿਆ ਜਾ ਸਕਦਾ ਹੈ, ਜਿਸ ਨੂੰ ਹੈਪੇਟਾਈਟਸ-ਬੀ ਹੈ। ਹੈਪੇਟਾਈਟਸ-ਬੀ ਅਤੇ ਸੀ ਨੂੰ ਕਾਲਾ ਪੀਲੀਆ ਕਿਹਾ ਜਾਂਦਾ ਹੈ, ਇਸ ਰੋਗ 'ਚ ਵਿਸ਼ਾਣੂ ਸਰੀਰ 'ਤੇ ਤੁਰੰਤ ਪ੍ਰਭਾਵ ਨਹੀਂ ਕਰਦੇ ਸਗੋਂ ਸਰੀਰ ਅੰਦਰ ਲੰਬਾ ਸਮਾਂ ਮੋਜੂਦ ਰਹਿ ਕਿ ਅੰਦਰੋਂ-ਅੰਦਰੀ ਚੁੱਪ-ਚਾਪ ਸਰੀਰ ਨੂੰ ਨੁਕਸਾਨ ਕਰਦੇ ਰਹਿੰਦੇ ਹਨ ਅਤੇ ਜਿਗਰ ਦੀ ਕਾਰਜਕੁਸ਼ਲਤਾ 'ਚ ਭਾਰੀ ਕਮੀ ਲਿਆ ਦਿੰਦੇ ਹਨ, ਜੋ ਕਈ ਸਾਲਾਂ ਬਾਆਦ ਹੋਰ ਵੀ ਮਾਰੂ ਸਿੱਧ ਹੁੰਦੇ ਹਨ। ਇਸ ਰੋਗ 'ਚ ਮਨੁੱਖੀ ਸਰੀਰ ਦੇ ਬਹੁਤ ਹੀ ਅਹਿਮ ਅੰਗ ਜਿਗਰ 'ਚ ਸੋਜ਼ ਹੋ ਜਾਂਦੀ ਹੈ। ਜਿਆਦਾ ਸ਼ਰਾਬ ਪੀਣ ਕਾਰਨ, ਵੱਖ-ਵੱਖ ਸਰੀਰਕ ਸਥਿਤੀਆਂ ਅਤੇ ਭਿੰਨ-ਭਿੰਨ ਦਵਾਈਆਂ ਦੀ ਵਰਤੋਂ ਕਾਰਨ ਅਜਿਹਾ ਹੋ ਸਕਦਾ ਹੈ।
ਕਾਲੇ ਪੀਲੀਏ ਦੇ ਲੱਛਣ :-
ਭੁੱਖ 'ਚ ਕਮੀ, ਦਿਲ ਕੱਚਾ ਹੋਣਾ, ਬੁਖਾਰ, ਢਿੱਡ ਦਰਦ, ਢਿੱਡ ਭਾਰੀ ਹੋਣਾ, ਸਰੀਰਕ ਕਮਜ਼ੋਰੀ, ਮਾਸਪੇਸ਼ੀਆਂ 'ਚ ਦਰਦ, ਪਿਸ਼ਾਬ ਪੀਲਾ ਆਉਣਾ ਅਤੇ ਉਲਟੀਆਂ ਆਉਣਾ ਆਦਿ ਕਾਲੇ ਪੀਲੀਏ ਦੇ ਲੱਛਣ ਹੋ ਸਕਦੇ ਹਨ ਪਰ ਜ਼ਿਆਦਾਤਰ ਸ਼ੁਰੂਆਤੀ ਦੌਰ 'ਚ ਕਾਲੇ ਪੀਲੀਏ ਦਾ ਪਤਾ ਹੀ ਨਹੀ ਲੱਗਦਾ ਅਤੇ ਇਲਾਜ 'ਚ ਦੇਰੀ ਕਾਰਨ ਮਰੀਜ਼ ਬੇਹੋਸ਼ੀ ਦੀ ਅਵਸਥਾ 'ਚ ਚਲਾ ਜਾਂਦਾ ਹੈ। ਕਈ ਵਾਰ ਜਿਗਰ ਫੇਲੀਅਰ ਜਾਂ ਜਿਗਰ ਦਾ ਕੈਂਸਰ ਹੋਣ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ, ਇਸੇ ਕਰਕੇ ਇਸ ਨੂੰ 'ਸਾਇਲੈਂਟ ਕਿਲਰ' ਵੀ ਕਿਹਾ ਜਾਂਦਾ ਹੈ।
ਅੱਜਕਲ ਦੀਆਂ ਰਿਪੋਰਟਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ‘ਚ ਹਜ਼ਾਰਾਂ ਲੋਕ ਹੈਪੇਟਾਈਟਸ-ਕਾਲਾ ਪੀਲੀਆ ਰੋਗ ਦਾ ਸੰਤਾਪ ਭੋਗ ਰਹੇ ਹਨ ਅਤੇ ਹਾਲੇ ਵੀ ਅਨੇਕਾਂ ਹੀ ਇਸ ਰੋਗ ਤੋਂ ਅਨਜਾਣ ਹਨ।
ਹੈਪੇਟਾਈਟਸ ਤੋਂ ਬਚਾਅ ਦੇ ਢੰਗ :-
1. ਹੈਪੇਟਾਈਟਸ ਏ ਅਤੇ ਈ ਤੋਂ ਬਚਣ ਲਈ ਸਾਫ-ਸੁਥਰਾ ਪਾਣੀ ਅਤੇ ਖਾਣ-ਪੀਣ ਦੀਆਂ ਸ਼ੁੱਧ ਅਤੇ ਸਾਫ-ਸੁਥਰੀਆਂ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।
2. ਹੱਥਾਂ ਦੀ ਸਫਾਈ ਵਾਰ-ਵਾਰ ਕਰਨਾ ਲਾਹੇਵੰਦ ਹੋ ਸਕਦਾ ਹੈ।
3. ਹੈਪੇਟਾਈਟਸ ਬੀ ਅਤੇ ਸੀ ਤੋਂ ਬਚਣ ਲਈ ਦੰਦਾਂ ਤੇ ਜੀਭ ਸਾਫ ਕਰਨ ਵਾਲਾ ਬੁਰਸ਼ ਇੱਕ-ਦੂਜੇ ਨਾਲ ਸਾਂਝੇ ਨਾ ਕੀਤੇ ਜਾਣ, ਸ਼ੇਵ ਕਰਨ ਲਈ ਬਲੇਡ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ, ਸਰੀਰ ਤੇ ਟੈਟੂ-ਨਿਸ਼ਾਨ ਕਿਸੇ ਪੇਸ਼ੇਵਰ ਤੋਂ ਬਣਵਾਇਆ ਜਾਵੇ ਜਾਂ ਟੈਟੂ ਮਸ਼ੀਨ ਦੀ ਸੂਈ ਨਵੀਂ ਵਰਤਣੀ ਯਕੀਨੀ ਕਰ ਲਈ ਜਾਵੇ, ਨਸ਼ੇ ਜਾਂ ਦਵਾਈਆਂ ਨੂੰ ਲੈਣ ਲੱਗਿਆਂ ਸੂਈਆਂ ਜਾਂ ਸਰਿੰਜਾਂ ਸਾਂਝੀਆਂ ਨਾ ਕੀਤੀਆਂ ਜਾਣ, ਯੋਨ ਸਬੰਧਾਂ ਤੋਂ ਗੁਰੇਜ ਕਰੋ ਜਾਂ ਅਸੁਰੱਖਿਅਤ ਜਿਨਸੀ ਸਾਂਝੇਦਾਰੀ ਮੌਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹ। ਸਿਹਤ ਕਾਮਿਆਂ ਅਤੇ ਡਾਕਟਰਾਂ ਨੂੰ ਹਮੇਸ਼ਾਂ ਸਾਵਧਾਨੀ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕਿਹੜੇ ਕਾਰਨਾਂ ਕਰਕੇ ਇਹ ਬਿਮਾਰੀ ਨਹੀਂ ਫੈਲਦੀ :-
ਕਿਸੇ ਦੇ ਖੰਘਣ ਨਾਲ ਜਾਂ ਜੁਕਾਮ ਨਾਲ, ਹੱਥ ਮਿਲਾਉਣ, ਕਿਸੇ ਨਾਲ ਖਾਣ-ਪੀਣ ਵਾਲੇ ਪਦਾਰਥ ਸਾਂਝੇ ਕਰਨ, ਮਾਂ ਦਾ ਬੱਚੇ ਨੂੰ ਆਪਣਾ ਦੁੱਧ ਚੁੰਘਾਉਣ, ਭਾਂਡੇ ਸਾਂਝੇ ਕਰਨ, ਬਾਥਰੂਮ ਅਤੇ ਫਲੱਸ਼ ਨੂੰ ਸਾਝਾਂ ਵਰਤਣ ਜਾਂ ਕਿਸੇ ਨੂੰ ਜੱਫੀ ਪਾ ਕੇ ਮਿਲਣਾ ਆਦਿ।
ਬਿਮਾਰੀ ਦੌਰਾਨ ਖਾਣ-ਪੀਣ ਦਾ ਪਰਹੇਜ਼ :-
ਜ਼ਿਆਦਾ ਮਿੱਠੀਆਂ ਤੇ ਨਮਕੀਨ ਵਸਤਾਂ, ਜ਼ਿਆਦਾ ਆਇਰਨ ਤੇ ਫੈਟ ਵਾਲੇ ਪਦਾਰਥ, ਕੱਚੇ ਫਲ, ਤਲਿਆ ਹੋਇਆ ਭੋਜਨ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
ਕਾਲਾ ਪੀਲੀਆ ਦਾ ਇਲਾਜ :-
ਹੈਪੇਟਾਈਟਸ-ਕਾਲਾ ਪੀਲੀਆ ਵਿਰੁੱਧ ਪੰਜਾਬ ਸੂਬੇ ਨੂੰ ਦੇਸ਼ ਭਰ ‘ਚ ਝੰਡਾਬਰਦਾਰ ਵੱਜੋਂ ਜਾਣਿਆਂ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਹੈਪੇਟਾਈਟਸ ਮਰੀਜਾਂ ਦੀ ਸਕਰੀਨਿੰਗ ਅਤੇ ਇਲਾਜ ਲਈ ਰਲੀਫ ਫੰਡ ਦੀ ਸ਼ੁਰੂਆਤ ਹੋ ਗਈ ਸੀ, ਜਿਸ ਦਾ ਪ੍ਰਬੰਧਨ ਅਤੇ ਵਿਸਥਾਰ ਨਿਰੰਤਰ ਜਾਰੀ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਮੁਫਤ ਸਹੂਲਤਾਂ ਹੁਣ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ-ਡਿਵੀਜ਼ਨਲ ਹਸਪਤਾਲਾਂ, 13 ਏ. ਆਰ. ਟੀ ਕੇਂਦਰਾਂ ਅਤੇ 11 ਓ. ਐੱਸ. ਟੀ ਕੇਂਦਰਾਂ ਤੇ ੳਪਲੱਬਧ ਹਨ। ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਹੈਪੇਟਾਈਟਸ-ਬੀ ਤੋਂ ਬਚਾਅ ਲਈ ਸਾਰੇ ਲਾਭਪਾਤਰੀ ਬੱਚਿਆਂ ਦਾ ਮੁਫਤ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਸਰਕਾਰੀ ਸਿਹਤ ਸੰਸਥਵਾਂ ਤੋਂ ਸਫ਼ਲਤਾਪੂਰਵਕ ਕਾਲੇ ਪੀਲੀਏ ਦਾ ਇਲਾਜ ਕਰਵਾਉਣ ਤੋਂ ਬਾਅਦ ਮਰੀਜ਼ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ। ਜ਼ਿਆਦਾ ਜਾਣਕਾਰੀ ਲੈਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਹੈਲਪ ਲਾਈਨ ਨੰਬਰ 104 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।
ਡਾ.ਪ੍ਰਭਦੀਪ ਸਿੰਘ ਚਾਵਲਾ,ਬੀ.ਈ.ਈ
ਸਿਹਤ ਵਿਭਾਗ,ਫਰੀਦਕੋਟ