ਕਈ ਪਿੰਡਾਂ ’ਚ ਹੜ੍ਹ ਦਾ ਪਾਣੀ ਭਰਿਆ, ਹਜ਼ਾਰਾਂ ਏਕੜ ਫ਼ਸਲਾਂ ਪਾਣੀ ’ਚ ਡੁੱਬੀਆਂ
Monday, Aug 18, 2025 - 12:14 PM (IST)

ਫਿਰੋਜ਼ਪੁਰ/ਜ਼ੀਰਾ (ਕੁਮਾਰ, ਰਾਜੇਸ਼ ਢੰਡ) : ਸਤਲੁਜ ਦਰਿਆ ’ਚ ਪਿੱਛੇ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਦੇ ਨਾਲ ਲੱਗਦੇ ਫਿਰੋਜ਼ਪੁਰ ਦੇ ਪਿੰਡ ਧੀਰਾਘਾਰਾ, ਟੱਲੀ ਗੁਲਾਮ, ਨਿਹਾਲਾ ਲਵੇਰਾ, ਕਾਮਲ ਵਾਲਾ, ਮੁਠਿਆਂ ਵਾਲਾ ਆਦਿ ’ਚ ਹੜ੍ਹ ਦਾ ਪਾਣੀ ਭਰ ਗਿਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਦੀ ਲਪੇਟ ’ਚ ਆ ਗਈਆਂ ਹਨ। ਇਨ੍ਹਾਂ ਪਿੰਡਾਂ ’ਚ ਹਜ਼ਾਰਾਂ ਏਕੜ ਫ਼ਸਲਾਂ ਪਾਣੀ ’ਚ ਡੁੱਬ ਗਈਆਂ ਹਨ ਅਤੇ ਜੇਕਰ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਹੋਰ ਵੱਧਦਾ ਤਾਂ ਦਰਿਆ ਦੇ ਆਸ-ਪਾਸ ਕਈ ਹੋਰ ਪਿੰਡ ਪਾਣੀ ਦੀ ਲਪੇਟ ’ਚ ਆ ਸਕਦੇ ਹਨ।
ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਫਿਰੋਜ਼ਪੁਰ/ਜ਼ੀਰਾ ਦੇ ਐੱਸ. ਡੀ. ਐੱਮ. ਗੁਰਮੀਤ ਸਿੰਘ ਨੇ ਕਿਹਾ ਕਿ ਜਿਵੇਂ-ਜਿਵੇਂ ਹਰੀ ਕੇ ਹੈੱਡ ਵਰਕਸ ਤੋਂ ਪਾਣੀ ਆ ਰਿਹਾ ਹੈ, ਉਵੇਂ-ਉਵੇਂ ਪਾਣੀ ਹੁਸੈਨੀਵਾਲਾ ਤੋਂ ਅੱਗੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਪ੍ਰਭਾਵਿਤ ਪਿੰਡਾਂ ’ਤੇ ਪੂਰੀ ਨਜ਼ਰ ਰੱਖ ਰਿਹਾ ਹੈ ਅਤੇ ਸਾਰੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।