PU Elections : ''ਕਿਸੇ ਵੀ ਵਿਦਿਆਰਥੀ ਸੰਗਠਨ ਦੇ ਦੋ ਤੋਂ ਵੱਧ ਵਾਹਨ ਨਾ ਜਾਣ ਹੋਸਟਲਾਂ ’ਚ''
Wednesday, Aug 13, 2025 - 12:04 PM (IST)

ਚੰਡੀਗੜ੍ਹ (ਰਸ਼ਮੀ) : ਸੁਰੱਖਿਆ ਉਪਾਵਾਂ ’ਚ ਸਾਰੇ ਕੈਂਪਸ ਅਤੇ ਹੋਸਟਲ ਦੇ ਗੇਟਾਂ ’ਤੇ ਪੂਰੀ ਤਰ੍ਹਾਂ ਜਾਂਚ ਕਰਨਾ, ਗੈਰ-ਨਿਵਾਸੀਆਂ ਨੂੰ ਹੋਸਟਲਾਂ ’ਚ ਰਹਿਣ ਦੀ ਇਜਾਜ਼ਤ ਨਹੀਂ ਦੇਣਾ ਅਤੇ ਅਣਅਧਿਕਾਰਤ ਵਿਅਕਤੀਆਂ ਜਾਂ ਲਾਵਾਰਸ ਵਾਹਨਾਂ ਦੀ ਤੁਰੰਤ ਪੁਲਸ ਨੂੰ ਸੂਚਨਾ ਦੇਣਾ ਸ਼ਾਮਲ ਹੈ। ਬਾਹਰੀ ਲੋਕਾਂ ਦੀ ਮੌਜੂਦਗੀ ਘੱਟ ਕੀਤੀ ਜਾਵੇਗੀ ਅਤੇ ਸਿਰਫ਼ ਅਸਲ ਪੀ. ਯੂ. ਵਿਦਿਆਰਥੀਆਂ ਨੂੰ ਹੀ ਚੋਣ ਪ੍ਰਕਿਰਿਆ ’ਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਇੱਕ ਵਿਦਿਆਰਥੀ ਸੰਗਠਨ ਦੇ ਦੋ ਤੋਂ ਵੱਧ ਵਾਹਨ ਇੱਕ ਜਗ੍ਹਾਂ ’ਤੇ ਪਾਰਕ ਕਰਨ ਅਤੇ ਪ੍ਰਚਾਰ ਲਈ ਗਰਲਜ਼ ਹੋਸਟਲਾਂ ’ਚ ਸਮੂਹਾਂ ’ਚ ਜਾਣ ਦੀ ਸਖ਼ਤ ਮਨਾਹੀ ਹੈ। ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਕੈਂਪਸ ਸਟੂਡੈਂਟਸ ਕੌਂਸਲ (ਪੀ. ਯੂ. ਸੀ. ਐੱਸ. ਸੀ.) ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਵਿਚ ਸ਼ਾਂਤੀਪੂਰਨ, ਨਿਰਪੱਖ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਪ੍ਰਚਾਰ ’ਤੇ ਜ਼ੋਰ ਦਿੱਤਾ ਗਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਸ ਦੇ ਨਾਲ ਮਿਲ ਕੇ ਸਾਰੇ ਵਿਦਿਆਰਥੀ ਸੰਗਠਨਾਂ ਨੂੰ ਲਿੰਗਡੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਤੇ ਕੈਂਪਸ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਨਿਰਦੇਸ਼ਾਂ ਵਿਚ ਚੋਣ ਸਮੇਂ ਦੌਰਾਨ ਰਾਜਨੀਤਿਕ ਨੇਤਾਵਾਂ ਦੇ ਦੌਰੇ ’ਤੇ ਪੂਰੀ ਤਰ੍ਹਾਂ ਪਾਬੰਦੀ, ਹਥਿਆਰ ਜਾਂ ਘਾਤਕ ਹਥਿਆਰ (ਲਾਇਸੈਂਸ ਪ੍ਰਾਪਤ ਸਮੇਤ) ਲੈ ਕੇ ਜਾਣ ’ਤੇ ਪਾਬੰਦੀ, ਵਾਹਨਾਂ ਜਾਂ ਕੱਪੜਿਆਂ ’ਤੇ ਸਟਿੱਕਰ ਅਤੇ ਪੋਸਟਰ ਲਗਾਉਣ ’ਤੇ ਪਾਬੰਦੀ ਅਤੇ ਚੋਣ ਪ੍ਰਚਾਰ ਵਿਚ ਬਾਹਰੀ ਲੋਕਾਂ ਦੀ ਭਾਗੀਦਾਰੀ ’ਤੇ ਪਾਬੰਦੀ ਸ਼ਾਮਲ ਹੈ। ਸਾਰੀਆਂ ਰੈਲੀਆਂ, ਜਲੂਸਾਂ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠਾਂ ਲਈ ਡੀਨ ਸਟੂਡੈਂਟ ਵੈਲਫੇਅਰ (ਡੀ.ਐੱਸ.ਡਬਲਿਊ.) ਦਫ਼ਤਰ ਤੋਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ। ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਪਰਚੇ ਖਿੰਡਾਉਣ ’ਤੇ ਨਾਮਜ਼ਦਗੀ ਰੱਦ ਕਰਨ ਸਮੇਤ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੋਵੇਗਾ।