ਹਰਿਆਣਾ ’ਚ ਆਪਣੇ ‘ਕਿਲੇ’ ਬਚਾਉਣ ’ਚ ਨਾਕਾਮ ਰਹੇ ਤਿੰਨ ਲਾਲਿਆਂ ਦੇ ‘ਲਾਲ’!

06/08/2024 5:26:13 PM

ਹਿਸਾਰ- ਹਰਿਆਣਾ ’ਚ ਇਸ ਵਾਰ ਹੋਈਆਂ ਸੰਸਦੀ ਚੋਣਾਂ ਦੇ ਨਤੀਜਿਆਂ ਨੇ ਕਈ ਨਵੇਂ ਰਿਕਾਰਡ ਕਾਇਮ ਕੀਤੇ ਹਨ, ਜਿਨ੍ਹਾਂ ’ਚੋਂ ਇਕ ਵੱਡਾ ਰਿਕਾਰਡ ਇਹ ਹੈ ਕਿ ਇਸ ਵਾਰ ਹਰਿਆਣਾ ਦੇ ਤਿੰਨ ਸਿਆਸੀ ਲਾਲਿਆਂ ਦੇ ਗੜ੍ਹ ਨੂੰ ਵਿਰੋਧੀਆਂ ਨੇ ਸੰਨ੍ਹ ਲਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ। ਕਿਸੇ ਸਮੇਂ ਸੂਬੇ ਦੀ ਸਿਆਸਤ ਇਨ੍ਹਾਂ ਤਿੰਨ ਲਾਲਿਆਂ ਚੌਧਰੀ ਦੇਵੀ ਲਾਲ, ਚੌਧਰੀ ਬੰਸੀਲਾਲ ਅਤੇ ਚੌਧਰੀ ਭਜਨਲਾਲ ਦੇ ਆਲੇ-ਦੁਆਲੇ ਹੀ ਘੁੰਮਦੀ ਰਹਿੰਦੀ ਸੀ। ਅੱਜ ਬੇਸ਼ੱਕ ਇਹ ਤਿੰਨੋਂ ਲਾਲੇ ਇਸ ਦੁਨੀਆ ’ਚ ਨਹੀਂ ਹਨ ਪਰ ਇਨ੍ਹਾਂ ਦੇ ਸਿਆਸੀ ਵਾਰਿਸ ਇਨ੍ਹਾਂ ਦੀ ਸਿਆਸਤ ਨੂੰ ਅੱਗੇ ਲੈ ਕੇ ਜਾ ਰਹੇ ਹਨ, ਪਰ ਇਨ੍ਹਾਂ ਸੰਸਦੀ ਚੋਣਾਂ ਦੇ ਨਤੀਜੇ ਤਿੰਨੋਂ ਲਾਲਿਆਂ ਦੇ ਪਰਿਵਾਰਕ ਮੈਂਬਰਾਂ ਲਈ ਇਕ ਝਟਕਾ ਮੰਨੇ ਜਾ ਸਕਦੇ ਹਨ ਕਿਉਂਕਿ ਇਨ੍ਹਾਂ ਲਾਲਿਆਂ ਦੇ ਵਾਰਿਸਾਂ ਨੂੰ ਆਪਣੇ ਹੀ ਚੋਣ ਹਲਕਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਸਿਰਸਾ ਚੌਧਰੀ ਦੇਵੀਲਾਲ ਪਰਿਵਾਰ ਦਾ ਗ੍ਰਹਿ ਇਲਾਕਾ ਹੈ ਅਤੇ ਇੱਥੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਅਗਵਾਈ ਵਾਲੇ ਇਨੈਲੋ ਅਤੇ ਜਜਪਾ ਦੇ ਉਮੀਦਵਾਰਾਂ ਦੀ ਜ਼ਮਾਨਤ 2019 ਦੀ ਤਰ੍ਹਾਂ ਇਕ ਵਾਰ ਫਿਰ ਜ਼ਬਤ ਹੋ ਗਈ ਹੈ। ਇਸ ਪਰਿਵਾਰ ਦੇ ਚਾਰ ਮੈਂਬਰ ਇਸ ਵਾਰ ਚੋਣ ਮੈਦਾਨ ’ਚ ਸਨ। ਜ਼ਿਕਰਯੋਗ ਹੈ ਕਿ ਚੌ. ਦੇਵੀ ਲਾਲ, ਚੌ. ਭਜਨਲਾਲ ਅਤੇ ਚੌ. ਬੰਸੀਲਾਲ ਹਰਿਆਣਾ ਦੀ ਸਿਆਸਤ ਦੇ ਸਭ ਤੋਂ ਵੱਡੇ ਪਾਤਰ ਰਹੇ ਹਨ। ਚੌ. ਦੇਵੀਲਾਲ 2 ਵਾਰ, ਚੌ. ਬੰਸੀਲਾਲ 4 ਵਾਰ ਅਤੇ ਚੌ. ਭਜਨਲਾਲ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

ਚੌਧਰੀ ਦੇਵੀ ਲਾਲ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੋਣਾ ਪਿਆ ਹਾਰ ਦਾ ਸ਼ਿਕਾਰ

ਚੌਧਰੀ ਦੇਵੀ ਲਾਲ ਦੇ ਗ੍ਰਹਿ ਹਲਕੇ ਸਿਰਸਾ ’ਚ ਇਨੈਲੋ ਅਤੇ ਜਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਤਾਂ ਹਿਸਾਰ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਉਨ੍ਹਾਂ ਦੇ ਬੇਟੇ ਚੌ. ਰਣਜੀਤ ਸਿੰਘ ਨੂੰ ਕਾਂਗਰਸ ਦੇ ਜੈਪ੍ਰਕਾਸ਼ ਜੇ.ਪੀ. ਤੋਂ 63 ਹਜ਼ਾਰ 381 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਿਸਾਰ ਤੋਂ ਜਜਪਾ ਵੱਲੋਂ ਚੋਣ ਲੜ ਰਹੀ ਨੈਨਾ ਚੌਟਾਲਾ ਨੂੰ ਸਿਰਫ਼ 22 ਹਜ਼ਾਰ 32 ਤਾਂ ਇਨੈਲੋ ਤੋਂ ਚੋਣ ਲੜ ਰਹੀ ਸੁਨੈਨਾ ਚੌਟਾਲਾ ਨੂੰ ਸਿਰਫ਼ 22 ਹਜ਼ਾਰ 303 ਵੋਟਾਂ ਮਿਲੀਆਂ। ਦੁਸ਼ਯੰਤ ਚੌਟਾਲਾ ਖੁਦ 2014 ਵਿਚ ਹਿਸਾਰ ਤੋਂ ਸੰਸਦ ਮੈਂਬਰ ਬਣੇ ਸਨ, ਜਦਕਿ 2019 ’ਚ ਬਾਢੜਾ ਵਿਧਾਨ ਸਭਾ ਹਲਕੇ ਤੋਂ ਨੈਨਾ ਚੌਟਾਲਾ ਜਦਕਿ ਦੁਸ਼ਯੰਤ ਉਚਾਨਾ ਤੋਂ ਵਿਧਾਇਕ ਚੁਣੇ ਗਏ ਸਨ। ਬਾਢੜਾ ਤੋਂ ਇਸ ਵਾਰ ਕਾਂਗਰਸ ਨੂੰ 27 ਹਜ਼ਾਰ 102 ਵੋਟਾਂ ਨਾਲ ਜਿੱਤ ਹਾਸਲ ਹੋਈ ਹੈ। ਇਸੇ ਤਰ੍ਹਾਂ ਉਚਾਨਾ ਤੋਂ ਕਾਂਗਰਸ ਨੇ 37 ਹਜ਼ਾਰ 319 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।

ਇਸੇ ਤਰ੍ਹਾਂ ਨਾਲ ਸਿਰਸਾ ਚੌ. ਦੇਵੀ ਲਾਲ ਪਰਿਵਾਰ ਦਾ ਗ੍ਰਹਿ ਖੇਤਰ ਹੈ। 2019 ਤੋਂ ਬਾਅਦ ਇਸ ਵਾਰ ਵੀ ਇੱਥੋਂ ਇਨੈਲੋ ਅਤੇ ਜਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਸਿਰਸਾ ਸੰਸਦੀ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਜਜਪਾ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਹਨ, ਜਦਕਿ ਇਨੈਲੋ ਨੂੰ ਪਿਛਲੀ ਵਾਰ ਨਾਲੋਂ 4350 ਵੱਧ ਵੋਟਾਂ ਮਿਲੀਆਂ ਹਨ। ਪਿਛਲੀ ਵਾਰ ਇਨੈਲੋ ਨੂੰ 88093 ਵੋਟਾਂ ਮਿਲੀਆਂ ਸਨ, ਜਦਕਿ ਇਸ ਵਾਰ ਉਸ ਨੂੰ 92453 ਵੋਟਾਂ ਮਿਲੀਆਂ ਸਨ। ਡੱਬਵਾਲੀ ਵਿਧਾਨ ਸਭਾ ਹਲਕੇ ਤੋਂ ਜਜਪਾ ਨੂੰ 8756 ਅਤੇ ਇਨੈਲੋ ਨੂੰ 18205 ਵੋਟਾਂ ਮਿਲੀਆਂ ਹਨ।

ਡੱਬਵਾਲੀ ਤੋਂ 2009 ’ਚ ਡਾ. ਅਜੇ ਸਿੰਘ ਚੌਟਾਲਾ, ਜਦਕਿ 2014 ’ਚ ਨੈਨਾ ਚੌਟਾਲਾ ਵੀ ਵਿਧਾਇਕ ਰਹਿ ਚੁੱਕੀ ਹੈ। ਇਸੇ ਤਰ੍ਹਾਂ ਏਲਨਾਬਾਦ ਤੋਂ ਇਨੈਲੋ ਨੂੰ 17 ਹਜ਼ਾਰ 720 ਅਤੇ ਜਜਪਾ ਨੂੰ ਸਿਰਫ਼ 1628 ਵੋਟਾਂ ਮਿਲੀਆਂ ਹਨ। ਪ੍ਰਤਾਪ ਚੌਟਾਲਾ ਸਾਲ 1967 ’ਚ ਏਲਨਾਬਾਦ ਤੋਂ ਵਿਧਾਇਕ ਬਣ ਚੁੱਕੇ ਹਨ, ਓਮਪ੍ਰਕਾਸ਼ ਚੌਟਾਲਾ 1970 ਅਤੇ 2009 ’ਚ, ਜਦਕਿ ਅਭੈ ਚੌਟਾਲਾ 2010, 2014, 2019 ਅਤੇ 2021 ’ਚ ਵਿਧਾਇਕ ਬਣੇ ਹਨ। ਇਨੈਲੋ ਦੇ ਭਾਗੀਰਾਮ ਵੀ ਇਸ ਸੀਟ ਤੋਂ 5 ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਇਨੈਲੋ ਦੇ ਡਾ. ਸੁਸ਼ੀਲ ਇੰਦੌਰਾ ਵੀ ਇਕ ਵਾਰ ਵਿਧਾਇਕ ਬਣ ਚੁੱਕੇ ਹਨ। ਸਿਰਸਾ ਵਿਧਾਨ ਸਭਾ ਹਲਕੇ ਤੋਂ ਇਨੈਲੋ ਨੂੰ 5558 ਵੋਟਾਂ ਅਤੇ ਕਾਲਾਂਵਾਲੀ ਤੋਂ ਇਨੈਲੋ ਨੂੰ 12 ਹਜ਼ਾਰ 290 ਅਤੇ ਜਜਪਾ ਨੂੰ 1804 ਵੋਟਾਂ ਮਿਲੀਆਂ ਹਨ। 2009 ਅਤੇ 2014 ਵਿਚ ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ-ਇਨੈਲੋ ਦਾ ਵਿਧਾਇਕ ਚੁਣਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਰਾਣੀਆ ਤੋਂ ਇਨੈਲੋ ਨੂੰ 13 ਹਜ਼ਾਰ 168 ਅਤੇ ਜਜਪਾ ਨੂੰ 1730 ਵੋਟਾਂ ਮਿਲੀਆਂ ਹਨ। ਖਾਸ ਗੱਲ ਇਹ ਹੈ ਕਿ 2019 ’ਚ ਰਾਣੀਆਂ ਵਿਧਾਨ ਸਭਾ ਸੀਟ ਤੋਂ ਚੌ. ਰਣਜੀਤ ਸਿੰਘ ਆਜ਼ਾਦ ਵਿਧਾਇਕ ਅਤੇ ਚੌ. ਰਣਜੀਤ ਸਿੰਘ ਸੂਬਾ ਸਰਕਾਰ ਵਿਚ ਮੰਤਰੀ ਬਣ ਗਏ ਸਨ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਹਿਸਾਰ ਸੰਸਦੀ ਹਲਕੇ ਤੋਂ ਉਮੀਦਵਾਰ ਸਨ।

ਇਸ ਵਾਰ ਭਾਜਪਾ ਨੂੰ ਰਾਣੀਆਂ ਤੋਂ 27 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਮਿਲੀ ਹੈ। ਇੱਥੋਂ ਵੀ 2009 ਅਤੇ 2014 ’ਚ ਇਨੈਲੋ ਦੇ ਵਿਧਾਇਕ ਨੂੰ ਜਿੱਤ ਮਿਲੀ ਸੀ। ਨਰਵਾਣਾ ਵਿਧਾਨ ਸਭਾ ਹਲਕੇ ਤੋਂ ਇਨੈਲੋ ਨੂੰ 12 ਹਜ਼ਾਰ 765 ਅਤੇ ਜਜਪਾ ਨੂੰ 1454 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਟੋਹਾਣਾ ਤੋਂ ਇਨੈਲੋ ਨੂੰ 3522, ਜਜਪਾ ਨੂੰ 915, ਫਤਿਹਾਬਾਦ ਤੋਂ ਇਨੈਲੋ ਨੂੰ 3637 ਅਤੇ ਜਜਪਾ ਨੂੰ 1559 ਵੋਟਾਂ ਮਿਲੀਆਂ, ਜਦਕਿ ਰਤੀਆ ਤੋਂ ਜਜਪਾ ਨੂੰ 900 ਅਤੇ ਇਨੈਲੋ ਨੂੰ 5414 ਵੋਟਾਂ ਮਿਲੀਆਂ ਹਨ।

ਬੰਸੀਲਾਲ ਪਰਿਵਾਰ ਦੇ ਗੜ੍ਹ ਤੋਸ਼ਾਮ ਨੂੰ ਭਾਜਪਾ ਨੇ ਲਾਈ ਸੰਨ੍ਹ :-

ਇਸੇ ਤਰ੍ਹਾਂ ਭਿਵਾਨੀ ਖੇਤਰ ਚੌ. ਬੰਸੀ ਲਾਲ ਦਾ ਮਜ਼ਬੂਤ ​​ਕਿਲਾ ਰਿਹਾ ਹੈ ਪਰ ਇਸ ਵਾਰ ਭਿਵਾਨੀ-ਮਹਿੰਦਰਗੜ੍ਹ ਸੰਸਦੀ ਸੀਟ ਤੋਂ ਜਿੱਥੇ ਪਿਛਲੀਆਂ 2 ਚੋਣਾਂ ਦੀ ਤਰ੍ਹਾਂ ਭਾਜਪਾ ਨੇ ਤੀਜੀ ਵਾਰ ਜਿੱਤ ਦਰਜ ਕੀਤੀ ਹੈ ਤਾਂ ਉਥੇ ਹੀ ਇਸ ਸੰਸਦੀ ਸੀਟ ਤੋਂ ਅਧੀਨ ਆਉਣ ਵਾਲਾ ਤੋਸ਼ਾਮ ਵਿਧਾਨਸਭਾ ਹਲਕਾ ਜੋ ਕਦੇ ਚੌ. ਬੰਸੀ ਲਾਲ ਦਾ ਹਲਕਾ ਰਿਹਾ ਹੈ ਅਤੇ ਇਸ ਵੇਲੇ ਕਿਰਨ ਚੌਧਰੀ ਇਸ ਦੀ ਅਗਵਾਈ ਕਰ ਰਹੀ ਹੈ।

ਬੰਸੀਲਾਲ ਖੁਦ ਇੱਥੋਂ 6 ਵਾਰ ਵਿਧਾਇਕ ਚੁਣੇ ਗਏ ਹਨ ਤਾਂ 3 ਵਾਰ ਉਨ੍ਹਾਂ ਦੇ ਬੇਟੇ ਸੁਰਿੰਦਰ ਸਿੰਘ ਅਤੇ 4 ਵਾਰ ਉਨ੍ਹਾਂ ਦੀ ਨੂੰਹ ਕਿਰਨ ਚੌਧਰੀ ਵਿਧਾਇਕ ਬਣ ਚੁੱਕੀ ਹੈ। ਇਸ ਵਾਰ ਕਾਂਗਰਸ ਨੂੰ ਤੋਸ਼ਾਮ ਤੋਂ 8 ਹਜ਼ਾਰ 63 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 1967, 1972, 1986, 1991 ਅਤੇ 1996 ਵਿਚ ਤੋਸ਼ਾਮ ਤੋਂ ਚੌ. ਬੰਸੀਲਾਲ, ਸੁਰਿੰਦਰ ਸਿੰਘ 1977, 1982 ਅਤੇ 2005 ’ਚ ਜਦਕਿ ਕਿਰਨ ਚੌਧਰੀ 2005, 2009, 2014 ਅਤੇ 2019 ਵਿਚ ਵਿਧਾਇਕ ਚੁਣੀ ਗਈ। ਇਸ ਵਾਰ ਤੋਸ਼ਾਮ ਵਾਂਗ ਚੌ. ਬੰਸੀਲਾਲ ਪਰਿਵਾਰ ਦੇ ਮਜ਼ਬੂਤ ਗੜ੍ਹ ਨੂੰ ਭਾਜਪਾ ਸੰਨ੍ਹ ਲਾਉਣ ’ਚ ਕਾਮਯਾਬ ਰਹੀ ਅਤੇ ਇੱਥੋਂ ਭਾਜਪਾ ਉਮੀਦਵਾਰ ਧਰਮਵੀਰ ਸਿੰਘ ਜੇਤੂ ਰਹੇ।

ਆਦਮਪੁਰ ’ਚ ਭਜਨ ਲਾਲ ਪਰਿਵਾਰ ਨੂੰ ਮਿਲੀ ਹਾਰ : ਹਿਸਾਰ ਸੰਸਦੀ ਹਲਕਾ, ਜੋ ਕਿਸੇ ਸਮੇਂ ਚੌ. ਭਜਨ ਲਾਲ ਦਾ ਗੜ੍ਹ ਮੰਨਿਆ ਜਾਂਦਾ ਸੀ, ਅੱਜ ਇਸ ਗੜ੍ਹ ਨੂੰ ਉਨ੍ਹਾਂ ਦੇ ਵਿਰੋਧੀ ਢਹਿ-ਢੇਰੀ ਕਰਨ ਵਿਚ ਕਾਮਯਾਬ ਰਹੇ ਹਨ, ਜਦਕਿ ਭਜਨ ਲਾਲ ਪਰਿਵਾਰ ਨੂੰ ਆਪਣੀ ਰਵਾਇਤੀ ਵਿਧਾਨ ਸਭਾ ਸੀਟ ਆਦਮਪੁਰ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਦਮਪੁਰ ਵਿਧਾਨ ਸਭਾ ਹਲਕਾ ਚੌ. ਭਜਨ ਲਾਲ ਦਾ ਮਜ਼ਬੂਤ ​​ਕਿਲਾ ਰਿਹਾ ਹੈ ਅਤੇ 1967 ਤੋਂ ਬਾਅਦ ਭਜਨ ਲਾਲ ਪਰਿਵਾਰ ਦੇ ਮੈਂਬਰ ਇੱਥੋਂ 16 ਵਾਰ ਵਿਧਾਇਕ ਚੁਣੇ ਗਏ ਹਨ।

ਚੌ. ਭਜਨ ਲਾਲ ਪਰਿਵਾਰ ਦਾ ਚੋਣ ਹਲਕਾ ਰਿਹਾ ਆਦਮਪੁਰ ਤੋਂ ਇਸ ਵਾਰ ਦੀਆਂ ਸੰਸਦੀ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਚੌ. ਰਣਜੀਤ ਸਿੰਘ ਨੂੰ 6 ਹਜ਼ਾਰ 384 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ਤੋਂ ਚੌ. ਭਜਨਲਾਲ ਪਹਿਲੀ ਵਾਰ 1968 ਵਿਚ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1972, 1977, 1982, 1991, 1996, 2000, 2005 ਅਤੇ 2008 ਵਿਚ ਵਿਧਾਇਕ ਚੁਣੇ ਗਏ। ਇਸੇ ਤਰ੍ਹਾਂ 1987 ’ਚ ਚੌ. ਭਜਨ ਲਾਲ ਦੀ ਪਤਨੀ ਜਸਮਾ ਦੇਵੀ, 1998, 2009, 2014 ਅਤੇ 2019 ’ਚ ਉਨ੍ਹਾਂ ਦਾ ਬੇਟਾ ਕੁਲਦੀਪ ਬਿਸ਼ਨੋਈ ਇੱਥੋਂ ਵਿਧਾਇਕ ਚੁਣਿਆ ਗਿਆ, ਜਦਕਿ 2011 ’ਚ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਦੀ ਪਤਨੀ ਰੇਣੂਕਾ ਬਿਸ਼ਨੋਈ ਵਿਧਾਇਕ ਬਣੇ ਸਨ ਅਤੇ 2022 ’ਚ ਉਨ੍ਹਾਂ ਦਾ ਬੇਟਾ ਭਵਿਆ ਬਿਸ਼ਨੋਈ ਭਾਜਪਾ ਦੀ ਟਿਕਟ ’ਤੇ ਵਿਧਾਇਕ ਬਣੇ।

ਪੇਸ਼ਕਾਰੀ: ਸੰਜੇ ਅਰੋੜਾ


Tanu

Content Editor

Related News