350 ਸਾਲਾ ਸ਼ਹੀਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਲਾਈਟ ਐਂਡ ਸਾਊਂਡ ਸ਼ੋਅ ਨੇ ਸੰਗਤ ਕੀਤੀ ਭਾਵੁਕ

Sunday, Nov 23, 2025 - 01:39 PM (IST)

350 ਸਾਲਾ ਸ਼ਹੀਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਲਾਈਟ ਐਂਡ ਸਾਊਂਡ ਸ਼ੋਅ ਨੇ ਸੰਗਤ ਕੀਤੀ ਭਾਵੁਕ

ਨਵੀਂ ਦਿੱਲੀ/ਅੰਮ੍ਰਿਤਸਰ, (ਸਰਬਜੀਤ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੌਮੀ ਰਾਜਧਾਨੀ ਵਿਚ ਲਾਲ ਕਿਲੇ ’ਤੇ ਸ਼ੁਰੂ ਹੋਏ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਤੋਂ ਲੈ ਕੇ ਉਨ੍ਹਾਂ ਦੀ ਸ਼ਹਾਦਤ ਦੇ ਸਮੇਂ ਤੱਕ ਦਾ ਹਾਲ ਦਰਸਾਇਆ ਗਿਆ ਸੀ, ਨੂੰ ਵੇਖ ਆਏ ਹੋਏ ਸੰਗਤ ਭਾਵੁਕ ਹੋ ਉਠੀ। ਇਹ ਸ਼ੋਅ ਬੀਤੇ ਦਿਨ ਸ਼ੁਰੂ ਹੋਇਆ ਸੀ, ਜਿਸ ਨੂੰ ਵੇਖਣ ਵਾਸਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚ ਰਹੀਆਂ ਹਨ। ਇਸ ਸ਼ੋਅ ਨੂੰ ਵੇਖ ਕੇ ਬੱਚੇ, ਨੌਜਵਾਨ ਅਤੇ ਬਜ਼ੁਰਗ ਹਰ ਵਰਗ ਦੀ ਸੰਗਤ ਭਾਵੁਕ ਹੁੰਦੀ ਨਜ਼ਰ ਆਈ।
ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਿੱਥੇ ਲਾਈਟ ਐਂਡ ਸਾਊਂਡ ਸ਼ੋਅ ਵਿਚ ਹਜ਼ਾਰਾਂ ਸੰਗਤ ਰੋਜ਼ ਪਹੁੰਚ ਰਹੀ ਹੈ, ਉਥੇ ਹੀ ਇਥੇ ਗੱਤਕਾ ਮੁਕਾਬਲੇ ਵੀ ਹੋ ਰਹੇ ਹਨ ਅਤੇ ਮੁੱਖ ਸਮਾਗਮ ਵਾਸਤੇ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 350 ਬੱਚਿਆਂ ਵੱਲੋਂ ਸਮੂਹਿਕ ਕੀਰਤਨ ਕਰਨ ਦਾ ਅਭਿਆਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਾਲ ਕਿਲੇ ’ਤੇ ਲੱਗੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤਸਵੀਰਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਤੇ ਸਿੱਖ ਧਰਮ ਦੇ ਹੋਰ ਅਹਿਮ ਪਲਾਂ ਨੂੰ ਚਿੱਤਰਤ ਕੀਤਾ ਗਿਆ ਹੈ। ਇਸ ਦੌਰਾਨ ਅੱਜ ਆਗਰਾ ਦੇ ਗੁਰਦੁਆਰਾ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਦਿੱਲੀ ਦੇ ਵੱਖ-ਵੱਖ ਖੇਤਰਾਂ ਵਿਚੋਂ ਹੁੰਦੇ ਹੋਏ ਨਗਰ ਕੀਰਤਨ ਦੇ ਦਰਸ਼ਨਾਂ ਵਾਸਤੇ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ। ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਗਰ ਕੀਰਤਨ ਦੇ ਪਹੁੰਚਣ ’ਤੇ ਅਰਦਾਸ ਉਪਰੰਤ ਸਮਾਪਤੀ ਕੀਤੀ ਗਈ।
 


author

Shubam Kumar

Content Editor

Related News