ਹਰਿਆਣਾ ਮੰਤਰੀ ਮੰਡਲ ਵਿਸਥਾਰ : ਸ਼ਾਹ ਨੇ ਨਾਂਵਾਂ ''ਤੇ ਲਗਾਈ ਮੋਹਰ

11/11/2019 11:07:54 AM

ਹਰਿਆਣਾ— ਹਰਿਆਣਾ 'ਚ ਮੰਤਰੀ ਮੰਡਲ ਵਿਸਥਾਰ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਦਿੱਲੀ 'ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਮੰਗਲਵਾਰ ਨੂੰ ਖੱਟੜ ਦੀ ਅਗਵਾਈ 'ਚ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ ਹੋਣ ਦੀ ਸੰਭਾਵਨਾ ਹੈ। ਭਾਜਪਾ ਵਲੋਂ ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨਾਲ ਮਿਲ ਕੇ ਸਰਕਾਰ ਗਠਨ ਕਰਨ 'ਤੇ ਖੱਟੜ (65) ਨੇ 27 ਅਕਤੂਬਰ ਨੂੰ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਸੀ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਦੇਵੀਲਾਲ ਦੇ ਪੜਪੋਤੇ ਦੁਸ਼ਯੰਤ ਚੌਟਾਲਾ (31) ਨੇ ਉੱਪ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁਕੀ ਸੀ। 7 ਆਜ਼ਾਦ ਉਮੀਦਵਾਰ ਵਿਧਾਇਕ ਵੀ ਸਰਕਾਰ ਦਾ ਸਮਰਥਨ ਕਰ ਰਹੇ ਹਨ।

ਢਾਈ ਘੰਟੇ ਤੱਕ ਚੱਲੀ ਬੈਠਕ
ਭਾਜਪਾ ਸੂਤਰਾਂ ਨੇ ਦੱਸਿਆ ਕਿ ਖੱਟੜ ਨੇ ਐਤਵਾਰ ਨੂੰ ਦਿੱਲੀ 'ਚ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਘਰ ਢਾਈ ਘੰਟੇ ਲੰਬੀ ਬੈਠਕ ਕੀਤੀ। ਉਸ ਬੈਠਕ 'ਚ ਕੁਝ ਸੀਨੀਅਰ ਨੇਤਾ ਵੀ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਦਿੱਲੀ 'ਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਚਰਚਾ ਕਰਨ ਤੋਂ ਬਾਅਦ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਨੇਤਾਵਾਂ ਦੇ ਨਾਂਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਅਤੇ ਗਠਜੋੜ ਸਹਿਯੋਗੀ ਜੇ.ਜੇ.ਪੀ. ਨੂੰ ਵੀ ਭਰੋਸੇ 'ਚ ਲਿਆ ਇਗਆ। ਜੇਕਰ ਚੀਜ਼ਾਂ ਤੈਅ ਪ੍ਰੋਗਰਾਮ ਦੇ ਅਧੀਨ ਅੱਗੇ ਵਧੀਆਂ ਤਾਂ ਨਵੇਂ ਮੰਤਰੀ 12 ਨਵੰਬਰ ਨੂੰ ਸਹੁੰ ਚੁੱਕ ਲੈਣਗੇ।

ਇਨ੍ਹਾਂ ਨੇਤਾਵਾਂ ਦੇ ਨਾਂ ਹਨ ਅੱਗੇ
ਖੱਟੜ ਅਤੇ ਚੌਟਾਲਾ ਨੇ ਦੀਵਾਲੀ ਦੇ ਦਿਨ ਸਹੁੰ ਚੁਕੀ ਸੀ। ਮੰਤਰੀ ਅਹੁਦੇ ਲਈ ਭਾਜਪਾ ਦੇ ਜਿਨਾਂ ਨੇਤਾਵਾਂ ਦੇ ਨਾਂ ਅੱਗੇ ਚੱਲ ਰਹੇ ਹਨ, ਉਨ੍ਹਾਂ 'ਚੋਂ 6 ਵਾਰ ਦੇ ਵਿਧਾਇਕ ਅਨਿਲ ਵਿੱਜ, ਸਾਬਕਾ ਵਿਧਾਨ ਸਭਾ ਸਪੀਕਰ ਕੰਵਰ ਪਾਲ, ਸੀਮਾ ਤ੍ਰਿਖਾ, ਮਹਿਪਾਲ ਢਾਂਡਾ, ਦੀਪਕ ਮੰਗਲਾ, ਘਨਸ਼ਾਮ ਸਰਾਫ ਹਨ, ਜਦਕਿ ਜੇ.ਜੇ.ਪੀ. ਤੋਂ ਰਾਮ ਕੁਮਾਰ ਗੌਤਮ, ਈਸ਼ਵਰ ਸਿੰਘ ਜਾਂ ਅਨੂਪ ਧਾਨਕ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਆਜ਼ਾਦਾਂ 'ਚ ਰਣਜੀਤ ਚੌਟਾਲਾ ਅਤੇ ਬਲਰਾਜ ਕੁੰਡੂ ਨੂੰ ਮੰਤਰੀ ਮੰਡਲ 'ਚ ਸਥਾਨ ਮਿਲਣ ਦੀ ਉਮੀਦ ਹੈ। ਅਕਤੂਬਰ 'ਚ ਚੋਣਾਂ 'ਚ 90 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਨੇ 40, ਜੇ.ਜੇ.ਪੀ. ਨੇ 10, ਕਾਂਗਰਸ ਨੇ 31, ਇਨੈਲੋ ਅਤੇ ਹਰਿਆਣਾ ਲੋਕਹਿੱਤ ਪਾਰਟੀ ਨੇ ਇਕ-ਇਕ ਸੀਟਾਂ ਜਿੱਤੀਆਂ ਸਨ। 7 ਆਜ਼ਾਦ ਵੀ ਜੇਤੂ ਹੋਏ ਸਨ।


DIsha

Content Editor

Related News