ਕੁਰੂਕੇਸ਼ਤਰ ’ਚ ‘ਆਪ’ ਦੇ ਰੋਡ ਸ਼ੋਅ ’ਚ ਬੋਲੇ ਭਗਵੰਤ ਮਾਨ- ਹਰਿਆਣਾ, ਪੰਜਾਬ ਤੇ ਦਿੱਲੀ ’ਚ ਸੱਚਾਈ ਦੀ ਜਿੱਤ ਹੋਵੇਗੀ

04/09/2024 1:12:31 PM

ਹਰਿਆਣਾ/ਜਲੰਧਰ (ਅੰਕੁਰ, ਧਵਨ )- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਕੁਰੂਕਸ਼ੇਤਰ ’ਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ’ਚ ਸ਼ਾਮਲ ਹੋਏ। ‘ਅਸੀਂ ਵੋਟ ਪਾ ਕੇ ਜੇਲ ਦਾ ਜਵਾਬ ਦੇਵਾਂਗੇ’ ਦੇ ਨਾਅਰੇ ਨਾਲ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਪੁਰਾਣੇ ਬੱਸ ਸਟੈਂਡ ਤਕ ਰੋਡ ਸ਼ੋਅ ਕੱਢਿਆ ਗਿਆ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਹਰਿਆਣਾ ਤੋਂ ਪ੍ਰਧਾਨ ਤੇ ‘ਇੰਡੀਆ’ ਗੱਠਜੋੜ ਤਹਿਤ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਡਾ. ਸੁਸ਼ੀਲ ਗੁਪਤਾ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਭਾਜਪਾ ਵਾਲੇ ਸਮਝਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਕੇ ਉਹ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਣਗੇ ਪਰ ਇਹ ਭਾਜਪਾ ਦੀ ਗ਼ਲਤਫਹਿਮੀ ਹੈ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕੈਦ ਕਰ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ? ਕੇਜਰੀਵਾਲ ਜੇਲ੍ਹ ’ਚ ਹਨ ਪਰ ਉਨ੍ਹਾਂ ਦਾ ਮਨ ਇਥੇ ਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਜਨਤਾ ਬਦਲਾਅ ਲਈ ਤਿਆਰ ਹੈ। ਹਰਿਆਣਾ, ਪੰਜਾਬ ਤੇ ਦਿੱਲੀ ’ਚ ਸੱਚ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖਿਆ ਸੰਵਿਧਾਨ ਖ਼ਤਰੇ ’ਚ ਹੈ। ਇਹ ਲੜਾਈ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦੀ ਹੈ। ਇਸ ਲਈ ਇਸ ਵਾਰ ਸਾਨੂੰ ਇਕੱਠੇ ਹੋ ਕੇ ਸਿਆਸਤ ਦੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਪਹਿਲਾਂ ਉਹ ਇਸ ਝਾੜੂ ਨਾਲ ਘਰਾਂ ਦੀ ਸਫ਼ਾਈ ਕਰਦੇ ਸਨ ਪਰ ਇਸ ਵਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਪੂਰੇ ਭਾਰਤ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਜਾਣ-ਬੁੱਝ ਕੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮਨੀਸ਼ ਸਿਸੋਦੀਆ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ। ਕਾਂਗਰਸ ਦੇ ਬੈਂਕ ਖਾਤੇ ਸੀਜ਼ ਕਰ ਲਏ ਗਏ। ਹੇਮੰਤ ਸੋਰੇਨ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ। ਮਮਤਾ ਬੈਨਰਜੀ ਦੇ ਘਰ ਈ. ਡੀ. ਭੇਜ ਦਿੱਤੀ। ਉਹ ਸੋਚਦੇ ਹਨ ਕਿ ਉਹ ਸਾਨੂੰ ਡਰਾਉਣਗੇ ਪਰ ਉਹ 140 ਕਰੋੜ ਲੋਕਾਂ ਨੂੰ ਕਿਵੇਂ ਡਰਾਉਣਗੇ? ਉਨ੍ਹਾਂ ਕਿਹਾ ਕਿ ਇਹ ਦੇਸ਼ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ। ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਚੰਦਰਸ਼ੇਖਰ ਆਜ਼ਾਦ ਵਰਗੇ ਸ਼ਹੀਦਾਂ ਨੇ ਲੜਾਈ ਲੜੀ ਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਫਿਰ ਸਾਨੂੰ ਇਹ ਦੇਸ਼ ਮਿਲਿਆ। ਕੋਈ ਵੀ ਨੇਤਾ ਇਸ ਦੇਸ਼ ਦਾ ਮਾਲਕ ਨਹੀਂ ਹੈ। 140 ਕਰੋੜ ਲੋਕ ਇਸ ਦੇਸ਼ ਦੇ ਮਾਲਕ ਹਨ ਅਤੇ ਉਹ ਹੀ ਫੈਸਲਾ ਕਰਨਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News