ਤਾਲਿਬਾਨ ਨੇ ਅਫਗਾਨਿਸਤਾਨ ’ਚ ਦੋ ਟੀ.ਵੀ. ਸਟੇਸ਼ਨਾਂ ’ਤੇ ਲਗਾਈ ਪਾਬੰਦੀ
Wednesday, Apr 17, 2024 - 08:08 PM (IST)
ਇਸਲਾਮਾਬਾਦ, (ਏ. ਪੀ.)- ਤਾਲਿਬਾਨ ਨੇ ਅਫਗਾਨਿਸਤਾਨ ਵਿਚ ਦੋ ਟੀ.ਵੀ. ਸਟੇਸ਼ਨਾਂ ਦਾ ਪ੍ਰਸਾਰਣ ਇਹ ਕਹਿੰਦੇ ਹੋਏ ਰੋਕ ਦਿੱਤਾ ਹੈ ਕਿ ਉਹ ਰਾਸ਼ਟਰੀ ਅਤੇ ਇਸਲਾਮੀ ਕਦਰਾਂ-ਕੀਮਤਾਂ ਦੀ ਕਦਰ ਕਰਨ ’ਚ ਅਸਫਲ ਰਹੇ ਹਨ।
ਸੂਚਨਾ ਮੰਤਰਾਲੇ ਦੇ ਮੀਡੀਆ ਉਲੰਘਣਾ ਕਮਿਸ਼ਨ ਦੇ ਅਧਿਕਾਰੀ ਹਾਫਿਜ਼ੁੱਲਾ ਬਰਾਕਜ਼ਈ ਨੇ ਕਿਹਾ ਕਿ ਇਕ ਅਦਾਲਤ ਕਾਬੁਲ ਸਥਿਤ ਇਨ੍ਹਾਂ ਦੋ ਸਟੇਸ਼ਨਾਂ ਦੀਆਂ ਫਾਈਲਾਂ ਦੀ ਜਾਂਚ ਕਰੇਗੀ। ਨੂਰ ਟੀ.ਵੀ. ਅਤੇ ਬਰਿਆ ਟੀ.ਵੀ. ਉਦੋਂ ਤੱਕ ਕੰਮ ਨਹੀਂ ਕਰ ਸਕਦੇ, ਜਦੋਂ ਤੱਕ ਅਦਾਲਤ ਆਪਣਾ ਫੈਸਲਾ ਨਹੀਂ ਸੁਣਾਉਂਦੀ। ਅਧਿਕਾਰੀ ਨੇ ਕਥਿਤ ਉਲੰਘਣਾ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ।
2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਕਈ ਪੱਤਰਕਾਰਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ । ਮੀਡੀਆ ਅਦਾਰੇ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਏ ਹਨ ਜਾਂ ਉਨ੍ਹਾਂ ਦੇ ਕਰਮਚਾਰੀ ਦੇਸ਼ ਛੱਡ ਗਏ ਹਨ।
ਅਫਗਾਨਿਸਤਾਨ ’ਚ ਕੰਮ ਅਤੇ ਯਾਤਰਾ ’ਤੇ ਪਾਬੰਦੀਆਂ ਕਾਰਨ ਮਹਿਲਾ ਪੱਤਰਕਾਰਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵੇਂ ਪ੍ਰਸਾਰਕਾਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।