ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, 6 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
Wednesday, May 29, 2024 - 02:58 PM (IST)
ਚਰਖੀ ਦਾਦਰੀ- ਹਰਿਆਣਾ ਦੇ ਚਰਖੀ ਦਾਦਰੀ 'ਚ ਗੈਂਗਵਾਰ ਅਤੇ ਰੰਜ਼ਿਸ਼ ਦੇ ਚੱਲਦੇ ਹੋਟਲ 'ਚ ਖਾਣਾ ਖਾ ਰਹੇ ਦੋ ਨੌਜਵਾਨਾਂ 'ਤੇ ਦਰਜਨਾਂ ਤੋਂ ਵੱਧ ਬਦਮਾਸ਼ਾਂ ਨੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਦਾਦਰੀ ਦੇ ਵਾਰਡ ਨੰਬਰ-13 ਵਾਸੀ ਆਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਰਾਹੁਲ ਨੂੰ ਗੰਭੀਰ ਹਾਲਤ ਵਿਚ ਰੋਹਤਕ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਹਮਲੇ ਅਤੇ ਕਤਲ ਦੀ ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਉੱਥੇ ਹੀ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ 'ਚ ਪਹੁੰਚ ਕੇ ਹੰਗਾਮਾ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਮਾਮਲੇ 'ਚ 10 ਨਾਮਜ਼ਦ ਅਤੇ 5-6 ਹੋਰਨਾਂ ਖਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸਿਵਲ ਹਸਪਤਾਲ ਵਿਚ ਪਹੁੰਚੇ ਮ੍ਰਿਤਕ ਦੇ ਪਰਿਵਾਰ ਅਜੇ ਸੈਣੀ ਨੇ ਦੱਸਿਆ ਕਿ ਸੈਣੀਗੰਜ ਮੁਹੱਲਾ ਵਾਸੀ ਆਕਾਸ਼ ਆਪਣੇ ਸਾਥੀ ਰਾਹੁਲ ਨਾਲ ਚਰਖੀ ਦਾਦਰੀ ਬੱਸ ਸਟੈਂਡ ਦੇ ਸਾਹਮਣੇ ਪੂਰਨ ਮਾਰਕੀਟ ਕੋਲ ਬੀਤੀ ਰਾਤ ਇਕ ਹੋਟਲ 'ਤੇ ਖਾਣਾ ਖਾ ਰਿਹਾ ਸੀ। ਉਸ ਦੌਰਾਨ ਦਰਜਨ ਤੋਂ ਵੱਧ ਲੋਕ ਉੱਥੇ ਪਹੁੰਚੇ, ਜਿਨ੍ਹਾਂ ਨੇ ਤਲਵਾਰਾਂ ਅਤੇ ਦੂਜੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਕਤ ਲੋਕਾਂ ਨੇ ਵਾਰਡ-13 ਦੇ ਸੈਣੀਗੰਜ ਮੁਹੱਲਾ ਵਾਸੀ ਸੁਨੀਲ ਉਰਫ਼ ਆਕਾਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਉਸ ਦੇ ਸਾਥੀ ਰਾਹੁਲ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਮੁੱਢਲੇ ਇਲਾਜ ਮਗਰੋਂ ਰੋਹਤਕ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
6 ਭੈਣਾਂ ਦਾ ਇਕਲੌਤਾ ਭਰਾ ਸੀ ਆਕਾਸ਼
ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਦੇ ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਆਕਾਸ਼ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮੌਤ ਮਗਰੋਂ ਘਰ ਵਿਚ ਉਸ ਦੀ ਬਜ਼ੁਰਗ ਵਿਧਵਾ ਬੀਮਾਰ ਮਾਂ ਇਕੱਲੀ ਬਚੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉੱਥੇ ਹੀ ਉਨ੍ਹਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।