ਸਾਲ 2018 : ਹਰਿਆਣਾ ਦੀ ਸਿਆਸਤ ''ਚ ਹਲ-ਚਲ, ਇਨੈਲੋ ਹੋਈ ਦੋ-ਫਾੜ
Sunday, Dec 23, 2018 - 04:02 PM (IST)
ਚੰਡੀਗੜ੍ਹ/ਹਰਿਆਣਾ— ਹਰਿਆਣਾ ਵਿਚ ਇਸ ਸਾਲ ਕਈ ਵੱਡੇ ਘਟਨਾਕ੍ਰਮ ਹੋਏ, ਜਿਸ ਵਿਚ ਸਿਆਸੀ ਦਲ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) 'ਚ ਫੁੱਟ ਦਾ ਮੁੱਦਾ ਛਾਇਆ ਰਿਹਾ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ, ਕਿਸਾਨਾਂ ਅਤੇ ਬਿਜਲੀ ਸਪਲਾਈ ਦੇ ਮੁੱਦਿਆਂ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉਨ੍ਹਾਂ ਦੀ ਸਰਕਾਰ ਨੂੰ ਘੇਰਨ ਲਈ ਵਿਰੋਧੀ ਨੇਤਾਵਾਂ ਦੇ ਦੌਰੇ ਵੀ ਸੁਰਖੀਆਂ ਵਿਚ ਰਹੇ। ਇਸ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਵਿਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ਦੇ ਮਾਮਲਿਆਂ ਵਿਚ ਫਾਂਸੀ ਦੇਣ ਦਾ ਪ੍ਰਸਤਾਵ ਪਾਸ ਕਰਨਾ ਵੀ ਚਰਚਾ 'ਚ ਰਿਹਾ।
ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਲੈ ਕੇ ਇਨੈਲੋ ਨੇਤਾ ਅਤੇ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਦੀ ਅਗਵਾਈ ਵਿਚ 'ਜੇਲ ਭਰੋ' ਅੰਦੋਲਨ ਅਤੇ ਜਨ ਅਧਿਕਾਰ ਯਾਤਰਾ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹੀਆਂ। ਕਾਂਗਰਸ ਲਈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ 7 ਪੜਾਵਾਂ ਵਿਚ ਹੋਈ 'ਜਨ ਕ੍ਰਾਂਤੀ ਯਾਤਰਾ' ਵਿਚ ਅਧੂਰੇ ਵਾਅਦਿਆਂ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ।
ਹੁੱਡਾ ਨੇ ਆਪਣੀ ਇਕ ਬੈਠਕ ਵਿਚ ਕਿਹਾ, ''ਭਾਜਪਾ ਨੇ ਲੋਕਾਂ ਨਾਲ ਲੰਬੇ-ਚੌੜੇ ਵਾਅਦੇ ਕੀਤੇ ਪਰ ਉਨ੍ਹਾਂ ਨੂੰ ਨਿਭਾਇਆ ਨਹੀਂ। ਲੋਕ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰ ਦੇਣਗੇ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਸੂਬੇ ਭਰ ਵਿਚ ਰੋਡ ਸ਼ੋਅ ਕਰ ਕੇ ਵਿਕਾਸ, ਭ੍ਰਿਸ਼ਟਾਚਾਰ ਮੁਕਤ ਸਰਕਾਰ ਅਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਪਾਰ ਪਾਉਣ ਦਾ ਭਰੋਸਾ ਦਿੱਤਾ ਪਰ ਇਨ੍ਹਾਂ ਸਭ ਵਿਚ ਸਭ ਤੋਂ ਵੱਡਾ ਸਿਆਸੀ ਘਟਨਾਕ੍ਰਮ ਇਨੈਲੋ ਵਿਚ ਆਈ ਦਰਾਰ ਰਹੀ, ਜਿਸ ਦੀ ਵਜ੍ਹਾ ਕਰ ਕੇ ਪਾਰਟੀ ਅਜੈ ਚੌਟਾਲਾ ਅਤੇ ਅਭੈ ਚੌਟਾਲਾ ਵਿਚਾਲੇ ਦੋ ਧੜਿਆਂ ਵਿਚ ਵੰਡੀ ਗਈ। ਇਸ ਫੁੱਟ ਦਾ ਨਤੀਜਾ ਇਹ ਹੋਇਆ ਕਿ ਪਾਰਟੀ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਅਜੈ ਦੇ ਬੇਟੇ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਾਰਟੀ 'ਚੋਂ ਕੱਢ ਕੇ ਪਾਰਟੀ ਦੀ ਜ਼ਿੰਮੇਵਾਰੀ ਆਪਣੇ ਛੋਟੇ ਬੇਟੇ ਅਭੈ ਦੇ ਮੌਢਿਆਂ 'ਤੇ ਪਾ ਦਿੱਤੀ। ਇਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ 'ਜਨਨਾਇਕ ਜਨਤਾ ਪਾਰਟੀ' ਦੇ ਨਾਂ ਤੋਂ ਇਕ ਨਵੇਂ ਦਲ ਦਾ ਗਠਨ ਕੀਤਾ। 30 ਸਾਲਾ ਦੁਸ਼ਯੰਤ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਅਗਲਾ ਮੁੱਖ ਮੰਤਰੀ ਐਲਾਨ ਕਰ ਦਿੱਤਾ।
