ਹਾਮਿਦ ਅਲੀ ਨੇ ACB ਸਾਹਮਣੇ ਕੂਬਿਲਆ- ਅਮਾਨਤੁੱਲਾ ਨੇ ਮੇਰੇ ਘਰ ਰੱਖਿਆ ਸੀ ਕੈਸ਼ ਤੇ ਹਥਿਆਰ
Sunday, Sep 18, 2022 - 10:18 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਦੀ ਛਾਪੇਮਾਰੀ ਦੌਰਾਨ 12 ਲੱਖ ਰੁਪਏ ਦੀ ਨਕਦੀ ਅਤੇ ਹਥਿਆਰ ਬਰਾਮਦ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਕਰੀਬੀ ਹਾਮਿਦ ਅਲੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਭਾਜਪਾ ਦਾ ‘ਆਪ’ ਨੂੰ ਤੋੜਨ ਲਈ ‘ਆਪਰੇਸ਼ਨ ਲੋਟਸ’ ਨੂੰ ਜਾਰੀ: ਸਿਸੋਦੀਆ
ਅਧਿਕਾਰੀਆਂ ਮੁਤਾਬਕ ਜਾਮੀਆ ਨਗਰ ਦੇ ਰਹਿਣ ਵਾਲੇ ਅਲੀ ਨੂੰ ਦੱਖਣੀ-ਪੂਰਬੀ ਜ਼ਿਲ੍ਹਾ ਪੁਲਸ ਨੇ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਕਿਹਾ ਸੀ ਕਿ ਏ. ਸੀ. ਬੀ. ਦੇ ਛਾਪਿਆਂ ਤੋਂ ਬਾਅਦ ਤਿੰਨ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਇਕ ਗੈਰ-ਲਾਇਸੈਂਸੀ ਹਥਿਆਰ ਅਤੇ ਕੁਝ ਜ਼ਿੰਦਾ ਕਾਰਤੂਸ ਦੀ ਬਰਾਮਦਗੀ ਦੇ ਸਬੰਧ ਵਿਚ ਅਲੀ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਮਿਦ ਨੇ ਏ. ਸੀ. ਬੀ. ਨੂੰ ਦੱਸਿਆ ਹੈ ਕਿ ਅਮਾਨਤੁੱਲਾ ਨੇ ਹੀ ਉਸ ਦੇ ਘਰ ’ਚ ਹਥਿਆਰ ਤੇ ਨਕਦੀ ਰੱਖੀ ਸੀ ਅਤੇ ਸਾਰੇ ਲੈਣ-ਦੇਣ ਉਨ੍ਹਾਂ ਦੇ ਨਿਰਦੇਸ਼ ’ਤੇ ਕੀਤੇ ਗਏ ਸਨ।
ਇਹ ਵੀ ਪੜ੍ਹੋ- ਅਮਾਨਤੁੱਲਾ ਖਾਨ ਦੇ ਘਰੋਂ ACB ਨੂੰ ਕੁਝ ਨਹੀਂ ਮਿਲਿਆ: ‘ਆਪ’
ਦੂਸਰਾ ਮਾਮਲਾ ਜੋਗਾਬਾਈ ਐਕਸਟੈਨਸ਼ਨ ਦੇ ਰਹਿਣ ਵਾਲੇ ਕੌਸਰ ਇਮਾਮ ਸਿੱਦੀਕੀ ਖ਼ਿਲਾਫ਼ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ। ਸਿੱਦੀਕੀ ਦੇ ਘਰੋਂ ਇਕ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਛਾਪੇਮਾਰੀ ਦੌਰਾਨ ਏ. ਸੀ. ਬੀ. ਨੇ ਕੁੱਲ 24 ਲੱਖ ਰੁਪਏ ਦੀ ਨਕਦੀ ਅਤੇ ਦੋ ਗੈਰ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਹਨ। ਉੱਧਰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਅਮਾਨਤੁੱਲਾ ਖਾਨ ਨੂੰ ਸ਼ਨੀਵਾਰ ਨੂੰ 4 ਦਿਨਾਂ ਦੀ ਏ. ਸੀ. ਬੀ. ਦੀ ਕਸਟਡੀ ’ਚ ਭੇਜ ਦਿੱਤਾ ਹੈ। ਹੁਣ 4 ਦਿਨਾਂ ਬਾਅਦ ਹੀ ਉਨ੍ਹਾਂ ਦੀ ਜ਼ਮਾਨਤ ’ਤੇ ਸੁਣਵਾਈ ਹੋਵੇਗੀ।