US-ਮੈਕਸੀਕੋ ਸਰਹੱਦ 'ਤੇ 'ਟਰੰਪ ਵਾਲ' ਪਾਰ ਕਰਦੇ ਸਮੇਂ ਗੁਜਰਾਤ ਦੇ ਨੌਜਵਾਨ ਦੀ ਮੌਤ, ਪਤਨੀ ਤੇ ਬੱਚਾ ਗੰਭੀਰ ਜ਼ਖ਼ਮੀ

Saturday, Dec 24, 2022 - 11:52 AM (IST)

US-ਮੈਕਸੀਕੋ ਸਰਹੱਦ 'ਤੇ 'ਟਰੰਪ ਵਾਲ' ਪਾਰ ਕਰਦੇ ਸਮੇਂ ਗੁਜਰਾਤ ਦੇ ਨੌਜਵਾਨ ਦੀ ਮੌਤ, ਪਤਨੀ ਤੇ ਬੱਚਾ ਗੰਭੀਰ ਜ਼ਖ਼ਮੀ

ਅਹਿਮਦਾਬਾਦ (ਭਾਸ਼ਾ)- ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਨ ਦੀ ਅਸਫਲ ਕੋਸ਼ਿਸ਼ ਦੌਰਾਨ ਗਾਂਧੀਨਗਰ ਦੇ ਇੱਕ ਵਿਅਕਤੀ ਦੀ ਕਥਿਤ ਮੌਤ ਦੀ ਮੁੱਢਲੀ ਜਾਂਚ ਤੋਂ ਬਾਅਦ ਗੁਜਰਾਤ ਪੁਲਸ ਨੇ ਕਿਹਾ ਹੈ ਕਿ ਉਸ ਨੇ ਛਤਰਾਲ ਪਿੰਡ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਪ੍ਰਵਾਸਨ ਯੋਜਨਾ ਬਾਰੇ ਨਹੀਂ ਦੱਸਿਆ ਸੀ। ਅਮਰੀਕੀ ਮੀਡੀਆ ਵਿੱਚ ਪ੍ਰਕਾਸ਼ਿਤ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਤਾਲੁਕਾ ਦੇ ਬ੍ਰਿਜਕੁਮਾਰ ਯਾਦਵ ਵਜੋਂ ਹੋਈ ਹੈ। ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਸਮੇਂ ਜਦੋਂ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਣੀ 'ਟਰੰਪ ਵਾਲ' 'ਤੇ ਚੜ੍ਹ ਰਿਹਾ ਸੀ, ਉਦੋਂ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ 'ਚ ਉਸ ਦੀ ਪਤਨੀ ਅਤੇ ਤਿੰਨ ਸਾਲਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਗਾਂਧੀਨਗਰ ਪੁਲਸ ਦੀ ਮੁੱਢਲੀ ਜਾਂਚ ਅਨੁਸਾਰ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਵਿਅਕਤੀ ਕਲੋਲ ਕਸਬੇ ਨੇੜੇ ਇੱਕ ਨਿੱਜੀ ਕੰਪਨੀ ਵਿੱਚ ਲੇਖਾਕਾਰ ਵਜੋਂ ਕੰਮ ਕਰਦਾ ਸੀ। ਪੁਲਸ ਅਨੁਸਾਰ ਉਸ ਨੇ 18 ਨਵੰਬਰ ਨੂੰ ਆਪਣੀ ਪਤਨੀ ਪੂਜਾ ਅਤੇ ਤਿੰਨ ਸਾਲ ਦੇ ਬੇਟੇ ਤਨਮਯ ਨਾਲ ਅਮਰੀਕਾ ਜਾਣ ਤੋਂ ਪਹਿਲਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਅਮਰੀਕਾ ਜਾਣ ਦੀ ਯੋਜਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਖ਼ਬਰਾਂ ਮੁਤਾਬਕ ਇਸ ਪਰਿਵਾਰ ਦੇ ਤਿੰਨੋਂ ਮੈਂਬਰ ਕਾਫੀ ਉਚਾਈ ਤੋਂ ਡਿੱਗੇ। ਯਾਦਵ ਦੀ ਪਤਨੀ ਅਮਰੀਕਾ ਵਾਲੇ ਪਾਸੇ ਡਿੱਗੀ, ਜਦੋਂਕਿ ਉਸ ਦਾ ਪੁੱਤਰ ਮੈਕਸੀਕਨ ਵਾਲੇ ਪਾਸੇ ਡਿੱਗਿਆ। ਮੀਡੀਆ ਰਾਹੀਂ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਜ ਦੇ ਅਪਰਾਧ ਜਾਂਚ ਵਿਭਾਗ ਨੇ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਕਰਨ ਅਤੇ ਉਨ੍ਹਾਂ ਏਜੰਟਾਂ ਵਿਰੁੱਧ ਜ਼ਰੂਰੀ ਕਾਰਵਾਈ ਦਾ ਹੁਮਕ ਦਿੱਤਾ, ਜੋ ਲੋਕਾਂ ਦੇ ਗੈਰ-ਕਾਨੂੰਨੀ ਪ੍ਰੇਵਾਸ ਦੇ ਧੰਦੇ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਜਨਮੀ ਕੁਦਰਤ ਦੱਤਾ ਨੂੰ ਅਮਰੀਕਾ 'ਚ ਮਿਲੀ ਵੱਡੀ ਜ਼ਿੰਮੇਵਾਰੀ, ਕਿਹਾ-ਭਾਈਚਾਰੇ ਲਈ ਕਰਾਂਗੀ ਕੰਮ

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਸੀ.ਆਈ.ਡੀ.-ਕ੍ਰਾਈਮ ਅਤੇ ਰੇਲਵੇ, ਆਰਬੀ ਬ੍ਰਹਮਭਟ ਨੇ ਕਿਹਾ, "ਮੀਡੀਆ ਰਾਹੀਂ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਮੈਂ ਆਪਣੀ ਮਨੁੱਖੀ ਤਸਕਰੀ ਵਿਰੋਧੀ ਯੂਨਿਟ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।' ਇਸ ਤੋਂ ਪਹਿਲਾਂ ਗਾਂਧੀਨਗਰ ਦੇ ਪੁਲਸ ਸੁਪਰਡੈਂਟ ਤਰੁਣ ਕੁਮਾਰ ਦੁੱਗਲ ਨੇ ਕਿਹਾ ਸੀ ਕਿ ਬ੍ਰਿਜ ਕੁਮਾਰ ਯਾਦਵ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਵੱਖਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੁੱਗਲ ਨੇ ਕਿਹਾ, “ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਮ੍ਰਿਤਕ (ਯਾਦਵ) ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਜਾਂ ਦਿੱਲੀ ਦਾ ਵਸਨੀਕ ਸੀ ਅਤੇ ਆਪਣੇ ਪਰਿਵਾਰ ਨਾਲ ਕਲੋਲ ਵਿੱਚ ਵਸਿਆ ਹੋਇਆ ਸੀ। ਅਸੀਂ ਉਸ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਇੱਕ ਟੀਮ ਬਣਾਈ ਹੈ। ਫਿਲਹਾਲ ਉਸ ਦੇ ਪਰਿਵਾਰ ਨੇ ਕਿਸੇ ਮਦਦ ਲਈ ਪੁਲਸ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ।' ਬਾਅਦ ਵਿੱਚ ਪੁਲਸ ਨੇ ਕਲੋਲ ਸ਼ਹਿਰ ਦੇ ਨੇੜੇ ਛਤਰਾਲ ਪਿੰਡ ਵਿੱਚ ਬ੍ਰਿਜਕੁਮਾਰ ਯਾਦਵ ਦੇ ਪਰਿਵਾਰ ਦਾ ਪਤਾ ਲਗਾਇਆ ਅਤੇ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ ਜਿੱਥੇ ਬ੍ਰਿਜਕੁਮਾਰ ਦੀ ਮਾਂ ਅਤੇ ਵੱਡੇ ਭਰਾ ਵਿਨੋਦ ਯਾਦਵ ਦਾ ਪਰਿਵਾਰ ਰਹਿੰਦਾ ਹੈ। ਬ੍ਰਿਜਕੁਮਾਰ ਯਾਦਵ ਇੱਕ ਨਿੱਜੀ ਕੰਪਨੀ ਵਿੱਚ ਲੇਖਾਕਾਰ ਵਜੋਂ ਕੰਮ ਕਰਦਾ ਸੀ। ਕਲੋਲ ਡਿਵੀਜ਼ਨ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਪੀ. ਡੀ. ਮਨਵਰ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮਨਵਰ ਨੇ ਕਿਹਾ, "ਬ੍ਰਿਜਕੁਮਾਰ ਆਪਣੀ ਪਤਨੀ ਅਤੇ ਬੇਟੇ ਦੇ ਨਾਲ 18 ਨਵੰਬਰ ਨੂੰ ਛਤਰਾਲ ਤੋਂ ਚਲੇ ਗਏ ਸਨ। ਉਸ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਹ ਕਿੱਥੇ ਜਾ ਰਹੇ ਸਨ। ਉਸ ਨੇ ਆਪਣੇ ਪਰਿਵਾਰ ਨੂੰ ਸਿਰਫ ਇਹ ਦੱਸਿਆ ਕਿ ਉਹ ਛੁੱਟੀ 'ਤੇ ਜਾ ਰਹੇ ਹਨ। ਉਸ ਦਾ ਭਰਾ ਅਤੇ ਹੋਰ ਪਰਿਵਾਰ ਮੈਂਬਰ ਉਸ ਏਜੰਟ ਬਾਰੇ ਅਗਿਆਨਤਾ ਦਾ ਦਾਅਵਾ ਕਰ ਰਹੇ ਹਨ ਜਿਸ ਨੇ ਉਸ ਦੀ ਟਿਕਟ ਅਤੇ ਪਾਸਪੋਰਟ ਦਾ ਪ੍ਰਬੰਧ ਕੀਤਾ ਸੀ।"

ਇਹ ਵੀ ਪੜ੍ਹੋ: ਦੁਬਈ 'ਚ ਭਾਰਤੀ ਡਰਾਈਵਰ ਦੀ ਚਮਕੀ ਕਿਸਮਤ, ਲੱਗਾ 33 ਕਰੋੜ ਰੁਪਏ ਦਾ ਜੈਕਪਾਟ

ਵਿਨੋਦ ਯਾਦਵ ਮੁਤਾਬਕ ਉਸ ਦੇ ਭਰਾ ਨੇ ਉਸ ਨੂੰ ਕਦੇ ਨਹੀਂ ਦੱਸਿਆ ਕਿ ਉਹ ਕਿਸੇ ਹੋਰ ਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਹੈ। ਉਸਨੇ ਪੱਤਰਕਾਰਾਂ ਨੂੰ ਦੱਸਿਆ, "ਉਸ ਨੇ ਸਾਨੂੰ ਸਿਰਫ ਇਹ ਦੱਸਿਆ ਕਿ ਉਹ ਅਤੇ ਉਸਦਾ ਪਰਿਵਾਰ ਇੱਕ ਮਹੀਨੇ ਬਾਅਦ ਵਾਪਸ ਆਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਕਿਤੇ ਛੁੱਟੀਆਂ 'ਤੇ ਜਾ ਰਹੇ ਹਨ। ਫਿਰ 17 ਦਸੰਬਰ ਨੂੰ ਉਸਦੀ ਪਤਨੀ ਪੂਜਾ ਨੇ ਸਾਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਬ੍ਰਿਜਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਸਨੇ ਤੁਰੰਤ ਫੋਨ ਕੱਟ ਦਿੱਤਾ।" ਅਸੀਂ ਚਾਹੁੰਦੇ ਹਾਂ ਕਿ ਸਰਕਾਰ ਮੇਰੇ ਭਰਾ ਦੀ ਲਾਸ਼ ਵਾਪਸ ਲਿਆਉਣ ਵਿਚ ਮਦਦ ਕਰੇ। ਅਸੀਂ ਪੂਜਾ ਅਤੇ ਤਨਮਯ ਨੂੰ ਵੀ ਵਾਪਸ ਲਿਆਉਣਾ ਚਾਹੁੰਦੇ ਹਾਂ।' ਵਿਨੋਦ ਯਾਦਵ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਤੋਂ ਬ੍ਰਿਜਕੁਮਾਰ ਨੂੰ ਮੈਕਸੀਕੋ ਪਹੁੰਚਣ 'ਚ ਮਦਦ ਕਰਨ ਵਾਲੇ ਏਜੰਟ ਦੇ ਵੇਰਵਿਆਂ ਬਾਰੇ ਪੁੱਛਿਆ ਪਰ ਉਹ ਉਨ੍ਹਾਂ ਦੀ ਜ਼ਿਆਦਾ ਮਦਦ ਨਹੀਂ ਕਰ ਸਕੇ ਕਿਉਂਕਿ ਬ੍ਰਿਜਕੁਮਾਰ ਨੇ ਕਦੇ ਵੀ ਅਜਿਹੇ ਵੇਰਵੇ ਸਾਂਝੇ ਨਹੀਂ ਕੀਤੇ ਸਨ ਅਤੇ ਨਾ ਹੀ ਮੈਕਸੀਕੋ ਦੇ ਰਸਤੇ ਅਮਰੀਕਾ ਜਾਣ ਦੇ ਵੇਰਵੇ ਬਾਰੇ ਦੱਸਿਆ ਸੀ।

ਇਹ ਵੀ ਪੜ੍ਹੋ: ਭਾਰਤ ਨੇ ਸ਼੍ਰੀਲੰਕਾ ਨੂੰ ਸੌਂਪੀਆਂ 125 SUV, ਪੁਲਸ ਆਵਾਜਾਈ ਦੀਆਂ ਦਿੱਕਤਾਂ ਹੋਣਗੀਆਂ ਦੂਰ


author

cherry

Content Editor

Related News