BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

Saturday, Apr 08, 2023 - 05:25 PM (IST)

BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

ਫਰੀਦਾਬਾਦ- ਦਾਜ ਇਕ ਲਾਹਨਤ ਹੈ ਪਰ ਫਿਰ ਵੀ ਲੋਕ ਦਾਜ ਮੰਗਣ ਤੋਂ ਗੁਰੇਜ਼ ਨਹੀਂ ਕਰਦੇ। ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਬਰਾਤਾਂ ਬਿਨਾਂ ਲਾੜੀ ਦੇ ਹੀ ਮੁੜ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਹਿਸਾਰ 'ਚ ਜਿੱਥੇ 25 ਲੱਖ ਰੁਪਏ ਲੈਣ ਮਗਰੋਂ ਦਾਜ 'ਚ BMW ਕਾਰ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹ ਕਰਾਉਣ ਮਗਰੋਂ ਲਾੜਾ ਅਤੇ ਉਸ ਦਾ ਪਰਿਵਾਰ ਲਾੜੀ ਨੂੰ ਏਅਰਪੋਰਟ 'ਤੇ ਛੱਡ ਕੇ ਦੌੜ ਗਏ। ਦਰਅਸਲ ਲਾੜੇ ਪੱਖ ਨੇ ਲਾੜੀ ਪੱਖ ਦੇ ਖ਼ਰਚੇ 'ਤੇ ਗੋਆ ਦੇ ਇਕ ਮਹਿੰਗੇ ਹੋਟਲ 'ਚ ਵਿਆਹ ਕਰਵਾਇਆ ਸੀ। ਸੈਕਟਰ-9 ਦੀ ਰਹਿਣ ਵਾਲੀ ਲਾੜੀ ਪੇਸ਼ੇ ਤੋਂ ਡਾਕਟਰ ਹੈ। ਉਸ ਦੀ ਸ਼ਿਕਾਇਤ 'ਤੇ ਸੈਕਟਰ-8 'ਚ FIR ਦਰਜ ਹੋਈ ਹੈ।

ਇਹ ਵੀ ਪੜ੍ਹੋ- ਇਕ ਪਲ 'ਚ ਤਿੰਨ ਭਰਾਵਾਂ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ, ਮਹੀਨੇ ਬਾਅਦ ਹੋਣਾ ਸੀ ਇਕ ਦਾ ਵਿਆਹ

ਲਾੜੀ ਦੇ ਪਿਤਾ ਨੇ ਮੈਟਰੀਮੋਨੀਅਲ ਸਾਈਟ ਤੋਂ ਲੱਭਿਆ ਸੀ ਲਾੜਾ

ਪੀੜਤ ਲਾੜੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਮੈਟਰੀਮੋਨੀਅਲ ਸਾਈਟ 'ਤੇ ਉਸ ਦਾ ਬਾਇਓਡਾਟਾ ਪਾਇਆ ਹੋਇਆ ਸੀ। ਇਸ ਨੂੰ ਵੇਖ ਕੇ ਹਿਸਾਰ ਦੇ ਰਹਿਣ ਵਾਲੇ ਡਾ. ਅਬੀਰ ਕਾਰਤੀਕੇਯ ਗੁਪਤਾ ਦੇ ਪਰਿਵਾਰ ਵਾਲਿਆਂ ਨੇ ਪੀੜਤਾ ਦੇ ਪਿਤਾ ਨਾਲ ਗੱਲ ਕੀਤੀ। ਅਬੀਰ ਦੇ ਮਾਤਾ ਆਭਾ ਗੁਪਤਾ ਅਤੇ ਪਿਤਾ ਅਰਵਿੰਦ ਗੁਪਤਾ ਵੀ ਡਾਕਟਰ ਹਨ। ਹਿਸਾਰ ਵਿਚ ਉਨ੍ਹਾਂ ਦਾ ਆਪਣਾ ਹਸਪਤਾਲ ਹੈ। ਉਨ੍ਹਾਂ ਨੇ ਦੱਸਿਆ ਕਿ ਅਬੀਰ ਨੇਪਾਲ ਦੀ ਯੂਨੀਵਰਸਿਟੀ ਤੋਂ ENT ਦੀ ਸਪੈਸ਼ਲਿਟੀ ਕਰ ਰਿਹਾ ਹੈ। ਗੱਲ ਅੱਗੇ ਵਧੀ ਅਤੇ ਰਿਸ਼ਤਾ ਹੋਣ ਮਗਰੋਂ 26 ਜਨਵਰੀ 2023 ਨੂੰ ਵਿਆਹ ਦੀ ਤਾਰੀਖ਼ ਤੈਅ ਹੋ ਗਈ। ਦੋਸ਼ ਹੈ ਕਿ ਵਿਆਹ ਤੋਂ ਠੀਕ ਪਹਿਲਾਂ ਅਬੀਰ ਦੇ ਮਾਪਿਆਂ ਨੇ 25 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਪੀੜਤਾ ਦੇ ਪਿਤਾ ਨੇ ਉਨ੍ਹਾਂ ਦੀ ਇਹ ਮੰਗ ਪੂਰੀ ਕਰ ਦਿੱਤੀ।

ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ

ਗੋਆ ਦੇ ਮਹਿੰਗੇ ਹੋਟਲ 'ਚ ਹੋਇਆ ਵਿਆਹ-

ਪੀੜਤਾ ਮੁਤਾਬਕ ਗੋਆ ਦੇ ਇਕ ਮਹਿੰਗੇ ਹੋਟਲ 'ਚ ਵਿਆਹ ਹੋਇਆ, ਜਿਸ ਦਾ ਪੂਰਾ ਖਰਚਾ ਉਸ ਦੇ ਪਿਤਾ ਨੇ ਚੁੱਕਿਆ। ਦੋਸ਼ ਹੈ ਕਿ ਫੇਰੇ ਲੈਣ ਮਗਰੋਂ ਅਬੀਰ ਦੇ ਮਾਪਿਆਂ ਨੇ BMW ਕਾਰ ਦੀ ਮੰਗ ਰੱਖ ਦਿੱਤੀ ਅਤੇ ਕਿਹਾ ਕਿ ਉਹ ਲਾੜੀ ਨੂੰ ਉਦੋਂ ਹੀ ਨਾਲ ਲੈ ਕੇ ਜਾਣਗੇ, ਜਦੋਂ ਇਹ ਮੰਗ ਪੂਰੀ ਹੋਵੇਗੀ। ਇਸ ਤੋਂ ਬਾਅਦ ਪਿਤਾ ਨੇ ਹੱਥ ਜੋੜ ਕੇ ਕਿਸੇ ਤਰ੍ਹਾਂ ਆਪਣੀ ਧੀ ਦੀ ਵਿਦਾਈ ਕੀਤੀ। ਗੋਆ ਏਅਰਪੋਰਟ 'ਤੇ ਸਕਿਓਰਿਟੀ ਚੈਕਿੰਗ ਮਗਰੋਂ ਲਾੜੀ ਨੂੰ ਇਕੱਲੀ ਬੈਠੀ ਛੱਡ ਕੇ ਲਾੜਾ ਅਬੀਰ ਥੋੜ੍ਹੀ ਦੇਰ ਵਿਚ ਆਉਣ ਦੀ ਗੱਲ ਕਹਿ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਕਿਸਾਨਾਂ ਲਈ ਮੰਗਿਆ ਵਿਸ਼ੇਸ਼ ਪੈਕੇਜ

ਗਹਿਣਿਆਂ ਨਾਲ ਭਰਿਆ ਬੈਗ ਵੀ ਲੈ ਗਏ

ਇਸ ਤੋਂ ਬਾਅਦ ਲਾੜੇ ਅਬੀਰ ਨੇ ਆਪਣਾ ਮੋਬਾਇਲ ਫੋਨ ਬੰਦ ਕਰ ਦਿੱਤਾ। ਅਬੀਰ ਦੀ ਮਾਂ ਡਾਕਟਰ ਆਭਾ ਗੁਪਤਾ ਵੀ ਪੀੜਤ ਲਾੜੀ ਕੋਲੋਂ ਗਹਿਣਿਆਂ ਨਾਲ ਭਰਿਆ ਬੈਗ ਲੈ ਗਈ। ਪੀੜਤਾ ਨੇ ਇਹ ਗੱਲ ਆਪਣੇ ਪਿਤਾ ਨੂੰ ਦੱਸੀ। ਫਿਰ ਉਹ ਏਅਰਪੋਰਟ ਪਹੁੰਚੇ ਅਤੇ ਉਸ ਨੂੰ ਆਪਣੇ ਨਾਲ ਲੈ ਆਏ। ਪੀੜਤ ਲਾੜੀ ਦਾ ਇਹ ਵੀ ਦੋਸ਼ ਹੈ ਕਿ ਵਿਆਹ ਤੋਂ ਪਹਿਲਾਂ ਅਬੀਰ ਨੇ ਉਸ ਨੂੰ ਕਈ ਵਾਰ ਨੇਪਾਲ ਬੁਲਾਇਆ, ਜਿੱਥੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਦੋਵੇਂ ਧਿਰਾਂ ਆਪਸ ਵਿਚ ਗੱਲਾਂ ਕਰਦੀਆਂ ਰਹੀਆਂ ਪਰ ਜਦੋਂ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਪੀੜਤਾ ਨੇ ਹੁਣ ਪੁਲਸ ਕੋਲ ਸ਼ਿਕਾਇਤ ਕੀਤੀ ਹੈ।


author

Tanu

Content Editor

Related News