ਗੂਗਲ ਨੇ ਭਾਰਤ ''ਚ ਬੈਨ ਐਪਸ ਨੂੰ ਅਸਥਾਈ ਰੂਪ ਨਾਲ ਬਲਾਕ ਕੀਤਾ
Thursday, Jul 02, 2020 - 12:35 PM (IST)

ਨਵੀਂ ਦਿੱਲੀ- ਸਰਕਾਰ ਵਲੋਂ ਇਸ ਹਫ਼ਤੇ 59 ਐਪਸ ਨੂੰ ਬੈਨ ਕੀਤੇ ਜਾਣ ਦੇ ਬਾਵਜੂਦ ਗੂਗਲ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਇਨ੍ਹਾਂ ਐਪਸ ਨੂੰ ਅਸਥਾਈ ਰੂਪ ਨਾਲ ਬਲਾਕ ਕੀਤਾ ਹੈ ਅਤੇ ਇਹ ਹਾਲੇ ਵੀ ਭਾਰਤ 'ਚ ਪਲੇਅ ਸਟੋਰ 'ਤੇ ਉਪਲੱਬਧ ਹਨ। ਗੂਗਲ ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਭਾਰਤ ਸਰਕਾਰ ਦੇ ਅੰਤਿਮ ਆਦੇਸ਼ਾਂ ਦੀ ਸਮੀਖਿਆ ਕਰ ਰਹੇ ਹਾਂ, ਇਸ ਵਿਚ ਅਸੀਂ ਪ੍ਰਭਾਵਿਤ ਡੈਵਲਪਰਜ਼ ਨੂੰ ਸੂਚਿਤ ਕੀਤਾ ਹੈ ਅਤੇ ਇਨ੍ਹਾਂ ਐਪਸ ਤੱਕ ਪਹੁੰਚ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ, ਜੋ ਭਾਰਤ 'ਚ ਪਲੇਅ ਸਟੋਰ 'ਤੇ ਹਾਲੇ ਵੀ ਉਪਲੱਬਧ ਹਨ।''
ਹਾਲਾਂਕਿ ਬੁਲਾਰੇ ਨੇ ਉਨ੍ਹਾਂ ਐਪਸ ਦਾ ਵੇਰਵਾ ਨਹੀਂ ਦਿੱਤਾ, ਜਿਨ੍ਹਾਂ ਨੂੰ ਗੂਗਲ ਨੇ ਬਲਾਕ ਕੀਤਾ ਹੈ। ਸੂਤਰਾਂ ਅਨੁਸਾਰ ਜਿਨ੍ਹਾਂ 59 ਐਪਸ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚੋਂ ਕਈ ਦੇ ਡੈਵਲਪਰਜ਼ ਨੇ ਆਪਣੀ ਮਰਜ਼ੀ ਨਾਲ ਆਪਣੀ ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਲਿਆ ਸੀ। ਭਾਰਤ ਨੇ ਸੋਮਵਾਰ ਨੂੰ ਟਿਕ-ਟਾਕ, ਯੂ.ਸੀ. ਬਰਾਊਜ਼ਰ, ਸ਼ੇਅਰਇਟ ਅਤੇ ਵੀਚੈਟ ਸਮੇਤ ਚੀਨੀ ਨਾਲ ਸੰਬੰਧ ਰੱਖਣ ਵਾਲੀਆਂ 59 ਐਪਸ 'ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਸੁਰੱਖਿਆ ਲਈ ਪੱਖਪਾਤ ਨਾਲ ਪੀੜਤ ਸਨ।