ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਮਿਲਣ ਜਾ ਰਹੀ ਇਹ ਵਿਸ਼ੇਸ਼ ਸਹੂਲਤ, ਜਲਦੀ ਹੋ ਜਾਣਗੇ ਦਰਸ਼ਨ
Friday, May 17, 2024 - 01:40 PM (IST)
ਜੰਮੂ, (ਯੂ. ਐੱਨ. ਆਈ.)- ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਜੰਮੂ-ਕਸ਼ਮੀਰ ਦੇ ਕਟੜਾ ’ਚ ਸਥਿਤ ਸ਼੍ਰੀ ਮਾਤਾ ਵੈਸ਼ਣੋ ਦੇਵੀ ਘੱਟ ਸਮੇਂ ’ਚ ਵਿਸ਼ੇਸ਼ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਦੀ ਸਹੂਲਤ ਲਈ ਆਉਂਦੀ ਜੂਨ ਤੋਂ ਜੰਮੂ ਤੋਂ ਸਾਂਝੀ ਛੱਤ ਤੱਕ ਹੈਲੀਕਾਪਟਰ ਸੇਵਾ ਸ਼ੁਰੂ ਕਰੇਗਾ।
ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਇਕ ਦਿਨ ’ਚ ਭਵਨ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਜੰਮੂ ਤੋਂ ਸਾਂਝੀ ਛੱਤ ਤੱਕ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਜੇ ਸਭ ਕੁਝ ਤੈਅ ਪ੍ਰੋਗਰਾਮ ਮੁਤਾਬਕ ਰਿਹਾ, ਤਾਂ ਜੂਨ ਦੇ ਪਹਿਲੇ ਪੰਦਰਵਾੜੇ ’ਚ ਹੈਲੀਕਾਪਟਰ ਸੇਵਾ ਮੁਹੱਈਆ ਹੋ ਜਾਵੇਗੀ। ਇਸ ਸਹੂਲਤ ਦਾ ਲਾਭ ਲੈਣ ਵਾਲੇ ਸ਼ਰਧਾਲੂਆਂ ਨੂੰ ਭਵਨ ਤੋਂ 2.5 ਕਿਲੋਮੀਟਰ ਦੂਰ ਪੰਛੀ ਹੈਲੀਪੈਡ ’ਤੇ ਉਤਾਰਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਸ਼ੇਸ਼ ਦਰਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸ਼੍ਰਾਈਨ ਬੋਰਡ ‘ਸੇਮ ਡੇਅ ਰਿਟਰਨ’ (ਐੱਸ. ਡੀ. ਆਰ.) 35,000 ਰੁਪਏ ਅਤੇ ‘ਨੈਕਸਟ ਡੇ ਰਿਟਰਨ’ (ਐੱਨ. ਡੀ. ਆਰ.) 50,000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਦੋ ਤਰ੍ਹਾਂ ਦੇ ਪੈਕੇਜ ਪੇਸ਼ ਕਰੇਗਾ। ਪੰਛੀ ਹੈਲੀਪੈਡ ਪਹੁੰਚਣ ’ਤੇ ਸ਼ਰਧਾਲੂਆਂ ਨੂੰ ਭਵਨ ਤੱਕ ਬੈਟਰੀ ਕਾਰ ਸੇਵਾ, ਇਕ ਵਿਸ਼ੇਸ਼ ਦਰਸ਼ਨ ਪਰਚੀ, ‘ਪ੍ਰਸਾਦ’, ‘ਭੈਰੋਂ ਮੰਦਰ’ ’ਚ ਪ੍ਰਾਰਥਨਾ ਕਰਨ ਲਈ ਤਰਜੀਹੀ ਟਿਕਟ, ਕੇਬਲ ਕਾਰ ਅਤੇ ਬੈਟਰੀ ਕਾਰ ਮੁਹੱਈਆ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਫਿਲਹਾਲ ਹੈਲੀਕਾਪਟਰ ਸੇਵਾ ਸਿਰਫ ਕਟੜਾ ਅਤੇ ਸਾਂਝੀ ਛੱਤ ਵਿਚਾਲੇ ਮੁਹੱਈਆ ਹੈ, ਜਿਸ ਦਾ ਇਕ ਪਾਸੇ ਦਾ ਕਿਰਾਇਆ 2100 ਰੁਪਏ ਪ੍ਰਤੀ ਵਿਅਕਤੀ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਪਹਿਲਾਂ ਹੀ ਜੰਮੂ ਅਤੇ ਭਵਨ ਦੇ ਵਿਚਾਲੇ ਹੈਲੀਕਾਪਟਰ ਸੇਵਾ ਦੀ ਇਜਾਜ਼ਤ ਦੇ ਦਿੱਤੀ ਹੈ, ਜਦੋਂ ਕਿ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਪ੍ਰੇਸ਼ਾਨੀ ਰਹਿਤ ਅਤੇ ਸੁਚਾਰੂ ਤੀਰਥ ਯਾਤਰਾ ਲਈ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਅਤੇ ਤਿਆਰੀਆਂ ਕਰ ਰਿਹਾ ਹੈ।