ਹਵਾਈ ਅੱਡੇ ''ਤੇ ਕਰੋੜਾਂ ਦਾ ਸੋਨਾ ਜ਼ਬਤ, ਮੁਲਜ਼ਮਾਂ ਨੇ ਅਜਿਹੀ ਥਾਂ ਲੁਕਾਇਆ ਕਿ ਵੇਖ ਅਧਿਕਾਰੀ ਹੋਏ ਹੈਰਾਨ
Monday, Mar 17, 2025 - 12:15 PM (IST)

ਮੁੰਬਈ- ਮੁੰਬਈ ਕਸਟਮ ਵਿਭਾਗ ਨੇ ਇੱਥੇ ਕੌਮਾਂਤਰੀ ਹਵਾਈ ਅੱਡੇ 'ਤੇ ਚਾਰ ਆਪ੍ਰੇਸ਼ਨਾਂ ਦੌਰਾਨ ਹਵਾਈ ਅੱਡੇ ਦੇ ਤਿੰਨ ਨਿੱਜੀ ਸਟਾਫ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਲਗਭਗ 8.47 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜ਼ਬਤੀਆਂ 13 ਤੋਂ 15 ਮਾਰਚ ਦਰਮਿਆਨ ਕੀਤੀਆਂ ਗਈਆਂ ਸਨ। ਕੁਝ ਮੁਲਜ਼ਮਾਂ ਨੇ ਇਹ ਸੋਨਾ ਆਪਣੇ ਕੱਪੜਿਆਂ ਅਤੇ ਅੰਡਰਵੀਅਰ 'ਚ ਲੁਕਾ ਲਿਆ ਸੀ।
ਕਸਟਮ ਅਧਿਕਾਰੀ ਨੇ ਦੱਸਿਆ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਨਿੱਜੀ ਕਰਮਚਾਰੀ ਨੂੰ ਰੋਕਿਆ ਗਿਆ ਅਤੇ ਉਸ ਦੀ ਪੈਂਟ ਦੀਆਂ ਜੇਬਾਂ 'ਚੋਂ 6 ਅੰਡਾਕਾਰ ਕੈਪਸੂਲ ਮਿਲੇ। ਇਨ੍ਹਾਂ ਕੈਪਸੂਲ ਵਿਚ ਮੋਮ ਦੇ ਰੂਪ ਵਿਚ 2.8 ਕਿਲੋ 24 ਕੈਰੇਟ ਸੋਨੇ ਦਾ ਪਾਊਡਰ ਸੀ, ਜਿਸ ਦੀ ਕੀਮਤ 2.27 ਕਰੋੜ ਰੁਪਏ ਸੀ। ਅਧਿਕਾਰੀ ਨੇ ਦੱਸਿਆ ਕਿ ਬਰਾਮਦਗੀ ਤੋਂ ਬਾਅਦ ਉਕਤ ਵਿਅਕਤੀ ਨੂੰ ਕਸਟਮ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਦੂਜੀ ਜ਼ਬਤੀ ਉਦੋਂ ਹੋਈ ਜਦੋਂ ਕੌਮਾਂਤਰੀ ਰਵਾਨਗੀ ਖੇਤਰ 'ਤੇ ਕੰਮ ਕਰ ਰਹੇ ਇਕ ਹੋਰ ਨਿੱਜੀ ਕਰਮੀ ਨੂੰ ਰੋਕਿਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਕਸਟਮ ਅਧਿਕਾਰੀਆਂ ਨੂੰ ਮੋਮ ਦੇ ਰੂਪ 'ਚ 2.9 ਕਿਲੋ ਸ਼ੁੱਧ ਸੋਨੇ ਦਾ ਪਾਊਡਰ ਮਿਲਿਆ, ਜਿਸ ਦੀ ਕੀਮਤ 2.36 ਕਰੋੜ ਰੁਪਏ ਹੈ। ਇਹ ਸੋਨਾ ਸੱਤ ਅੰਡਾਕਾਰ ਕੈਪਸੂਲ 'ਚ ਰੱਖਿਆ ਗਿਆ ਸੀ ਅਤੇ ਵਿਅਕਤੀ ਨੇ ਅੰਡਰਵੀਅਰ ਵਿਚ ਲੁਕਾਇਆ ਸੀ। ਉਨ੍ਹਾਂ ਦੱਸਿਆ ਕਿ ਬਰਾਮਦਗੀ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਤੀਜੀ ਮੁਹਿੰਮ ਦੌਰਾਨ ਏਅਰਪੋਰਟ 'ਤੇ ਇਕ ਹੋਰ ਪ੍ਰਾਈਵੇਟ ਕਰਮੀ ਨੂੰ ਫੜਿਆ ਗਿਆ ਅਤੇ ਉਸ ਦੇ ਅੰਡਰਗਾਰਮੈਂਟਸ ਵਿਚ ਮੋਮ ਦੇ ਰੂਪ ਵਿਚ ਲੁਕਾਏ ਗਏ 1.6 ਕਿਲੋ 24 ਕੈਰੇਟ ਸੋਨੇ ਦੇ ਪਾਊਡਰ ਦੇ ਦੋ ਪੈਕਟ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੀਮਤ 1.31 ਕਰੋੜ ਰੁਪਏ ਹੈ।
ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕਰਮਚਾਰੀ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਹੋਰ ਮਾਮਲੇ ਵਿਚ ਗਾਹਕ ਸੇਵਾ ਅਧਿਕਾਰੀਆਂ ਨੇ ਕੌਮਾਂਤਰੀ ਉਡਾਣ ਦੇ ਪਖਾਨੇ ਅਤੇ ਪੈਂਟਰੀਜ਼ ਦੇ ਕੂੜੇ ਦੇ ਥੈਲਿਆਂ ਦੀ ਤਲਾਸ਼ੀ ਲੈਂਦੇ ਹੋਏ ਮੋਮ ਦੇ ਰੂਪ ਵਿਚ 3.1 ਕਿਲੋ ਸ਼ੁੱਧ ਸੋਨੇ ਦੇ ਪਾਊਡਰ ਵਾਲੇ ਦੋ ਕਾਲੇ ਬੈਗ ਮਿਲੇ, ਜਿਸ ਦੀ ਕੀਮਤ 2.53 ਕਰੋੜ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।