ਮਿੱਥੇ ਸਮੇਂ ਤੋਂ 90 ਮਿੰਟ ਪਹਿਲਾਂ ਪਹੁੰਚੀ ਮਨਮਾਡ ਸਟੇਸ਼ਨ, 45 ਮੁਸਾਫਰਾਂ ਨੂੰ ਛੱਡ ਕੇ ਤੁਰਦੀ ਬਣੀ ਗੋਆ ਐਕਸਪ੍ਰੈੱਸ
Saturday, Jul 29, 2023 - 11:51 AM (IST)

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਨਾਸਿਕ ਦੇ ਮਨਮਾਡ ਜੰਕਸ਼ਨ ’ਤੇ ਰੇਲਗੱਡੀ ਦੀ ਉਡੀਕ ਕਰ ਰਹੇ 45 ਯਾਤਰੀਆਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਰੇਲਗੱਡੀ ਤਾਂ ਮਿੱਥੇ ਸਮੇ ਤੋਂ 90 ਮਿੰਟ ਪਹਿਲਾਂ ਹੀ ਸਟੇਸ਼ਨ ’ਤੇ ਪਹੁੰਚ ਗਈ ਸੀ ਅਤੇ ਪੰਜ ਮਿੰਟ ਬਾਅਦ ਹੀ ਉਨ੍ਹਾਂ ਨੂੰ ਉਡੀਕੇ ਬਿਨਾ ਚਲੀ ਗਈ।
ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਜਾਣ ਵਾਲੀ ਵਾਸਕੋ -ਡਿ-ਗਾਮਾ-ਹਜ਼ਰਤ ਨਿਜ਼ਾਮੂਦੀਨ ਗੋਆ ਐਕਸਪ੍ਰੈਸ ਡਾਇਵਰਟ ਕੀਤੇ ਰੂਟ ਰਾਹੀਂ ਵੀਰਵਾਰ ਸਵੇਰੇ 9.05 ਵਜੇ ਮਨਮਾਡ ਸਟੇਸ਼ਨ ਪਹੁੰਚੀ। ਮਨਮਾਡ ਵਿਖੇ ਇਸ ਰੇਲਗੱਡੀ ਦੇ ਪਹੁੰਚਣ ਦਾ ਨਿਰਧਾਰਤ ਸਮਾਂ 10:35 ਹੈ ਪਰ ਇਹ ਨਿਰਧਾਰਤ ਸਮੇਂ ਤੋਂ 90 ਮਿੰਟ ਪਹਿਲਾਂ ਹੀ ਪਹੁੰਚ ਗਈ।
ਉਨ੍ਹਾਂ ਦੱਸਿਆ ਕਿ ਟਰੇਨ ਪੰਜ ਮਿੰਟ ਲਈ ਰੁਕੀ ਅਤੇ 45 ਯਾਤਰੀਆਂ ਨੂੰ ਉਡੀਕੇ ਤੇ ਲਏ ਬਿਨਾਂ ਮਨਮਾਡ ਸਟੇਸ਼ਨ ਤੋਂ ਰਵਾਨਾ ਹੋ ਗਈ। ਜਦੋਂ ਯਾਤਰੀ ਸਵੇਰੇ 9.45 ਵਜੇ ਟ੍ਰੇਨ ’ਚ ਚੜ੍ਹਨ ਲਈ ਸਟੇਸ਼ਨ 'ਤੇ ਪਹੁੰਚੇ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਟਰੇਨ ਉਨ੍ਹਾਂ ਨੂੰ ਛੱਡ ਕੇ ਕਦੋਂ ਦੀ ਚਲੀ ਗਈ ਹੈ।
ਪ੍ਰੇਸ਼ਾਨ ਯਾਤਰੀਆਂ ਨੇ ਸਟੇਸ਼ਨ ਮੈਨੇਜਰ ਦੇ ਦਫ਼ਤਰ ਜਾ ਕੇ ਬਦਲਵੇਂ ਪ੍ਰਬੰਧਾਂ ਦੀ ਮੰਗ ਕੀਤੀ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਰਾਜ ਨੇ ਦੱਸਿਆ ਕਿ ਇਹ ਰੇਲਵੇ ਕਰਮਚਾਰੀਆਂ ਦੀ ਗਲਤੀ ਨਾਲ ਹੋਇਆ ਹੈ । ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।