ਮਹਿਲਾ ਪੁਲਸ ਕਰਮਚਾਰੀ ਨੇ ਮਹਿਲਾ ਕੰਡਕਟਰ ਨੂੰ ਕੁੱਟਿਆ, ਵੀਡੀਓ ਵਾਇਰਲ

Friday, Sep 29, 2017 - 05:40 PM (IST)

ਮਹਿਲਾ ਪੁਲਸ ਕਰਮਚਾਰੀ ਨੇ ਮਹਿਲਾ ਕੰਡਕਟਰ ਨੂੰ ਕੁੱਟਿਆ, ਵੀਡੀਓ ਵਾਇਰਲ

ਹੈਦਰਾਬਾਦ— ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲੇ 'ਚ ਇਕ ਮਹਿਲਾ ਪੁਲਸ ਕਰਮਚਾਰੀ ਵੱਲੋਂ ਬੱਸ ਦੀ ਮਹਿਲਾ ਕੰਡਕਟਰ ਦੀ ਕੁੱਟਮਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਰਾਜ ਆਵਾਜਾਈ ਨਿਗਮ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਘਟਨਾ 27 ਸਤੰਬਰ ਦੀ ਹੈ। ਮਹਿਲਾ ਪੁਲਸ ਕਾਂਸਟੇਬਲ ਜੀ. ਰਜੀਤਾ ਕੁਮਾਰੀ ਮਹਿਬੂਬਨਗਰ ਡਿਪੋ ਤੋਂ ਤੇਲੰਗਾਨਾ ਰਾਜ ਆਵਾਜਾਈ ਨਿਗਮ ਦੀ ਬੱਸ 'ਚ ਸਵਾਰ ਹੋਈ। ਕੰਡਕਟਰ ਨੇ ਜਦੋਂ ਉਸ ਤੋਂ ਟਿਕਟ ਲੈਣ ਨੂੰ ਕਿਹਾ ਤਾਂ ਉਸ ਨੇ ਆਪਣੇ ਪਛਾਣ ਪੱਤਰ ਦੀ ਫੋਟੋ ਕਾਪੀ ਕੰਡਕਟਰ ਨੂੰ ਦਿਖਾਈ। ਇਸ 'ਤੇ ਕੰਡਕਟਰ ਨੇ ਉਸ ਤੋਂ ਮੂਲ ਪਛਾਣ ਪੱਤਰ ਦਿਖਾਉਣ ਲਈ ਕਿਹਾ। ਕਿਸੇ ਯਾਤਰੀ ਵੱਲੋਂ ਬਣਾਏ ਗਏ ਇਸ ਵੀਡੀਓ ਕਲਿੱਪ ਨੂੰ ਕੁਝ ਸਮਾਚਾਰ ਚੈਨਲਾਂ ਨੇ ਪ੍ਰਸਾਰਿਤ ਵੀ ਕੀਤਾ ਹੈ। 

ਵੀਡੀਓ 'ਚ ਦਿੱਸ ਰਿਹਾ ਹੈ ਕਿ ਦੋਹਾਂ ਦਰਮਿਆਨ ਕਹਾਸੁਣੀ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਕੰਡਕਟਰ ਨੂੰ ਧੱਕਾ ਦਿੱਤਾ ਅਤੇ ਕਈ ਵਾਰ ਮਾਰਿਆ, ਜਦੋਂ ਕਿ ਯਾਤਰੀ ਦੋਹਾਂ ਦਰਮਿਆਨ ਵਿਚ-ਬਚਾਅ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਆਵਾਜਾਈ ਨਿਗਮ ਦੇ ਕਰਮਚਾਰੀਆਂ ਨੇ ਵੀਰਵਾਰ ਨੂੰ ਪ੍ਰਦਰਸ਼ਨ ਕੀਤਾ ਅਤੇ ਬਾਅਦ 'ਚ ਮਹਿਬੂਬਨਗਰ 'ਚ ਇਕ ਰੈਲੀ ਵੀ ਕੱਢੀ। ਉਨ੍ਹਾਂ ਨੇ ਮਹਿਲਾ ਪੁਲਸ ਕਰਮਚਾਰੀ ਨੂੰ ਮੁਅੱਤਲ ਕਰਨ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ,''ਕੰਡਕਟਰ ਨੇ ਜਦੋਂ ਮਹਿਲਾ ਕਾਂਸਟੇਬਲ ਨੂੰ ਟਿਕਟ ਖਰੀਦਣ ਨੂੰ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ।'' ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਿਬੂਬਨਗਰ ਦੀ ਪੁਲਸ ਸੁਪਰਡੈਂਟ ਬੀ.ਅਨੁਰਾਧਾ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਪੂਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਸਖਤ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ,''ਕਾਂਸਟੇਬਲ ਨੂੰ ਮਹਿਬੂਬਨਗਰ ਪੁਲਸ ਹੈੱਡ ਕੁਆਰਟਰ 'ਚ ਅਟੈਚ ਕਰ ਦਿੱਤਾ ਗਿਆ ਹੈ।''


Related News