24 ਨੂੰ ਹਾਈਵੇਅ ਜਾਮ ਕਰਨਗੇ ਕਿਸਾਨ, ਕੇਸ ਵਾਪਸ ਨਾ ਹੋਣ ਤੋਂ ਹਨ ਨਾਰਾਜ਼

Sunday, Nov 20, 2022 - 04:33 PM (IST)

24 ਨੂੰ ਹਾਈਵੇਅ ਜਾਮ ਕਰਨਗੇ ਕਿਸਾਨ, ਕੇਸ ਵਾਪਸ ਨਾ ਹੋਣ ਤੋਂ ਹਨ ਨਾਰਾਜ਼

ਸ਼ਾਹਬਾਦ ਮਾਰਕੰਡਾ (ਰਣਜੀਤ)- ਕਿਸਾਨ ਇਕ ਵਾਰ ਫਿਰ ਅੰਦੋਲਨ ਕਰਨ ਜਾ ਰਹੇ ਹਨ। ਦਰਅਸਲ ਕੇਂਦਰ ਸਰਕਾਰ, ਭਾਰਤੀ ਰੇਲਵੇ ਅਤੇ ਰੇਲਵੇ ਪੁਲਸ ਨੇ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸ ਵਾਪਸ ਨਾ ਲੈਣ ਕਾਰਨ ਕਿਸਾਨ ਨਾਰਾਜ਼ ਹਨ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਵੱਲੋਂ ਕੇਸ ਵਾਪਸ ਲੈਣ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਤੋਂ ਸਰਕਾਰ ਦੀ ਨੀਅਤ ’ਚ ਖੋਟ ਸਾਫ਼ ਝਲਕਦੀ ਹੈ। ਇਸ ਲਈ 24 ਨਵੰਬਰ ਨੂੰ ਰੇਲ ਟਰੈਕ ਰੋਕਣ ਦਾ ਪ੍ਰੋਗਰਾਮ ਰੱਦ ਕਰਨ ਤੋਂ ਬਾਅਦ ਹੁਣ ਜੀ.ਟੀ. ਰੋਡ ਨੂੰ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 

ਚੜੂਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹੁਣ ਤੱਕ 294 ਵਿਚੋਂ ਸਿਰਫ਼ 163 ਕੇਸਾਂ ਦਾ ਹੀ ਨਿਪਟਾਰਾ ਕੀਤਾ ਹੈ, ਬਾਕੀ ਪੈਂਡਿੰਗ ਪਏ ਹਨ। ਸਰਕਾਰ ਨੇ ਅੰਦੋਲਨ ਤੋਂ ਪਹਿਲਾਂ 32 ਹੋਰ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ, ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲਾ ਵੱਲੋਂ 24 ਸਤੰਬਰ 2020 ਤੋਂ 12 ਦਸੰਬਰ 2021 ਦਰਮਿਆਨ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਦਰਜ 163 ਦੇ ਕਰੀਬ ਕੇਸ ਵਾਪਸ ਲੈਣ ਦੇ ਫੈਸਲੇ ਪਿਛੋਂ 24 ਨਵੰਬਰ ਨੂੰ ਰੇਲ ਪਟੜੀਆਂ ਜਾਮ ਕਰਨ ਦੇ ਸੱਦੇ ਨੂੰ ਰੱਦ ਕਰ ਦਿੱਤਾ ਹੈ। 

ਸਬੰਧਤ ਕਿਸਾਨਾਂ ਦੇ ਪਾਸਪੋਰਟ, ਅਸਲਾ ਲਾਇਸੈਂਸ ਆਦਿ ਸਰਕਾਰ ਵੱਲੋਂ ਜਾਣ-ਬੁੱਝ ਕੇ ਰੋਕੇ ਜਾ ਰਹੇ ਹਨ। ਚੜੂਨੀ ਨੇ ਕਿਹਾ ਕਿ ਮੇਰਾ ਆਪਣਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਜੇ ਹਰਿਆਣਾ ਸਰਕਾਰ 24 ਤਾਰੀਖ਼ ਤੋਂ ਪਹਿਲਾਂ ਤੱਕ ਸਾਰੇ ਕੇਸ ਵਾਪਸ ਲੈ ਲੈਂਦੀ ਹੈ ਤਾਂ ਜੀ. ਟੀ. ਰੋਡ ਨੂੰ ਜਾਮ ਨਹੀਂ ਕੀਤਾ ਜਾਵੇਗਾ ਅਤੇ ਉੱਚ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਜਾਵੇਗੀ।


author

Tanu

Content Editor

Related News