ਕਿਸਾਨਾਂ ਨੇ ਕੀਤਾ ਆਰ-ਪਾਰ ਦਾ ਐਲਾਨ, ਹਰ ਸਰਕਾਰੀ ਪ੍ਰੋਗਰਾਮ ਦਾ ਹੋਵੇਗਾ ਵਿਰੋਧ
Saturday, Jun 05, 2021 - 05:10 AM (IST)
ਸੋਨੀਪਤ (ਦੀਕਸ਼ਿਤ) - ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਕਿਸਾਨਾਂ ਨੇ ਇਕ ਵਾਰ ਮੁੜ ਸਰਕਾਰ ਵਿਰੁੱਧ ਹੱਲਾ ਬੋਲਿਆ ਹੈ। ਸਿੰਘੂ ਦੀ ਹੱਦ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਗ੍ਰਿਫਤਾਰੀਆਂ ਕਰਨ ਅਤੇ ਮੁਕੱਦਮੇ ਦਰਜ ਕਰਨ ਦਾ ਆਪਣਾ ਸ਼ੌਂਕ ਪੂਰਾ ਕਰ ਲਏ। ਕਿਸਾਨ ਵੱਡੀ ਗਿਣਤੀ ’ਚ ਗ੍ਰਿਫਤਾਰੀਆਂ ਦੇਣ ਲਈ ਤਿਆਰ ਬੈਠੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਅਤੇ ਯੁੱਧਵੀਰ ਸਿੰਘ ਨੇ ਆਰ-ਪਾਰ ਦੀ ਲੜਾਈ ਲਈ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਹਰ ਸਰਕਾਰੀ ਪ੍ਰੋਗਰਾਮਾਂ ਦਾ ਵਿਰੋਧ ਕਰਣਗੇ। ਕਿਸੇ ਵੀ ਨੇਤਾ ਜਾਂ ਅਧਿਕਾਰੀ ਦੇ ਨਿੱਜੀ ਪ੍ਰੋਗਰਾਮਾਂ ਅਤੇ ਸੜਕ ’ਤੇ ਜਾ ਰਹੇ ਆਗੂਆਂ ਦਾ ਵਿਰੋਧ ਨਹੀਂ ਕਰਣਗੇ। ਕਿਸਾਨ 5 ਜੂਨ ਦਿਨ ਸ਼ਨੀਵਾਰ ਨੂੰ ਭਾਜਪਾ ਪ੍ਰਤੀਨਿਧੀਆਂ ਦੇ ਘਰਾਂ ਦੇ ਬਾਹਰ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ ਸਾੜਣਗੇ।
ਉਕਤ ਆਗੂਆਂ ਨੇ ਕਿਹਾ ਕਿ ਉਹ ਹੁਣ ਸਰਕਾਰ ਦੀ ਨੱਕ ਰਗੜਵਾ ਕੇ ਹੀ ਸਾਹ ਲੈਣਗੇ। ਹਰਿਆਣਾ ’ਚ ਕਿਸਾਨ ਅੰਦੋਲਨ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਤੈਅ ਹੈ ਕਿ ਅੰਦੋਲਨ ਦਿੱਲੀ ਦੀਆਂ ਹੱਦਾਂ ’ਤੇ ਹੀ ਚੱਲੇਗਾ। ਸੰਯੁਕਤ ਮੋਰਚਾ ਪੂਰੀ ਤਰ੍ਹਾਂ ਅਲਰਟ ਹੈ। ਹਰਿਆਣਾ ਸਰਕਾਰ ਨੂੰ ਗ੍ਰਿਫਤਾਰੀਆਂ ਕਰਨ ਅਤੇ ਮੁਕੱਦਮੇ ਦਰਜ ਕਰਨ ਦਾ ਜੇ ਸ਼ੌਂਕ ਹੈ ਤਾਂ ਸਰਕਾਰ ਦਾ ਇਹ ਸ਼ੌਂਖ ਪੂਰਾ ਕਰਨ ਲਈ ਕਿਸਾਨ ਤਿਆਰ ਹਨ। ਸ਼ਨੀਵਾਰ ਨੂੰ ਟੋਹਾਨਾ ਦੇ ਸਿਟੀ ਥਾਣੇ ਬਾਹਰ ਧਰਨਾ ਦਿੱਤਾ ਜਾਏਗਾ। ਗ੍ਰਿਫਤਾਰੀਆਂ ਵੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ 7 ਜੂਨ ਨੂੰ ਪੂਰੇ ਹਰਿਆਣਾ ’ਚ ਵੱਖ-ਵੱਖ ਥਾਣਿਆਂ ਦੇ ਬਾਹਰ ਧਰਨੇ ਦਿੱਤੇ ਜਾਣਗੇ। ਕਿਸਾਨਾਂ ਦੇ ਹਰ ਮੋਰਚੇ ’ਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਸੁਨਣ ਲਈ ਮਹਿਲਾ ਮੋਰਚਾ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।