‘ਲੋਕ ਸਭਾ ’ਚ ਖੇਤੀ ਕਾਨੂੰਨਾਂ ’ਤੇ ਚਰਚਾ ਹੋਵੇ, ਸੜਕਾਂ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ’
Tuesday, Aug 10, 2021 - 05:28 PM (IST)
ਨਵੀਂ ਦਿੱਲੀ (ਭਾਸ਼ਾ)— ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕੇਂਦਰੀ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ’ਤੇ ਸਦਨ ਅੰਦਰ ਚਰਚਾ ਹੋਣੀ ਚਾਹੀਦੀ ਹੈ। ਅਕਾਲੀ ਦਲ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ। ਪਾਰਟੀ ਆਗੂ ਹਰਸਿਮਰਤ ਕੌਰ ਬਾਦਲ ਨੇ ਹੋਰ ਪਿਛੜਾ ਵਰਗ (ਓ. ਬੀ. ਸੀ.) ਨਾਲ ਸਬੰਧਤ ‘ਸੰਵਿਧਾਨ ਬਿੱਲ 2021 ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਇਸ ਵਿਸ਼ੇ ’ਤੇ ਚਰਚਾ ਹੋ ਰਹੀ ਹੈ ਤਾਂ ਕਿਸਾਨਾਂ ਦੇ ਮੁੱਦਿਆਂ ’ਤੇ ਵੀ ਇੱਥੇ ਗੱਲ ਹੋਣੀ ਚਾਹੀਦੀ ਹੈ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕਿਹਾ ਕਿ ਅਕਾਲੀ ਦਲ ਨੇ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਲੜਾਈ ਲੜੀ ਹੈ ਅਤੇ ਇਸ ਲਈ ਉਹ ਇਸ ਬਿੱਲ ਦਾ ਸਵਾਗਤ ਕਰਦੀ ਹੈ, ਜਿਸ ਵਿਚ ਇਹ ਵਿਵਸਥਾ ਹੈ ਕਿ ਸੂਬਿਆਂ ਨੂੰ ਓ. ਬੀ. ਸੀ. ਦੀ ਸੂਚੀ ਤੈਅ ਕਰਨ ਦਾ ਅਧਿਕਾਰ ਮਿਲੇਗਾ। ਉਨ੍ਹਾਂ ਨੇ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ‘ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ’ ਦੀ ਗੱਲ ਕਰਦੀ ਹੈ ਪਰ ਸੜਕਾਂ ’ਤੇ ਬੈਠੇ ਕਿਸਾਨਾਂ ਦੇ ਵਿਕਾਸ ਦਾ ਕੀ ਹੋਵੇਗਾ?
ਅਕਾਲੀ ਦਲ ਦੀ ਆਗੂ ਨੇ ਦੋਸ਼ ਲਾਇਆ ਕਿ ‘ਕਾਲੇ ਕਾਨੂੰਨ’ ਲਿਆ ਕੇ ਕਿਸਾਨਾਂ ’ਤੇ ਬੋਝ ਵਧਾਇਆ ਗਿਆ ਹੈ ਅਤੇ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ। ਹਰਸਿਮਰਤ ਨੇ ਸਵਾਲ ਕੀਤਾ ਕਿ ਪੈਗਾਸਸ ਮਾਮਲੇ ਨੂੰ ਲੈ ਕੇ ਸਦਨ ਨਹੀਂ ਚਲ ਰਹੀ ਹੈ। ਖੇਤੀ ਕਾਨੂੰਨਾਂ ਕਾਰਨ ਲੋਕਾਂ ਦੀ ਜਾਨ ਜਾਂਦੀ ਹੈ ਤਾਂ ਇਸ ’ਤੇ ਚਰਚਾ ਕਿਉਂ ਨਹੀਂ ਹੋ ਸਕਦੀ? ਉਨ੍ਹਾਂ ਨੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ’ਤੇ ਚਰਚਾ ਕੀਤੀ ਜਾਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।