ਬਿਹਾਰ : ਅੰਤਰਜਾਤੀ ਵਿਆਹ ਕਰਨ ''ਤੇ ਪਰਿਵਾਰ ਵਾਲਿਆਂ ਨੇ ਕੁੜੀ ਦਾ ਗੋਲੀ ਮਾਰ ਕੀਤਾ ਕਤਲ
Wednesday, Oct 26, 2022 - 11:31 AM (IST)
 
            
            ਭਾਗਲਪੁਰ (ਭਾਸ਼ਾ)- ਬਿਹਾਰ 'ਚ ਭਾਗਲਪੁਰ ਜ਼ਿਲ੍ਹੇ ਦੇ ਸਜੌਰ ਥਾਣਾ ਅਧੀਨ ਚੰਦਰਮਾ ਪਿੰਡ 'ਚ ਅੰਤਰਜਾਤੀ ਵਿਆਹ ਕਰਨ 'ਤੇ ਇਕ ਕੁੜੀ (22) ਦਾ ਉਸ ਦੇ 2 ਭਰਾਵਾਂ ਅਤੇ ਚਾਚੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਭਾਗਲਪੁਰ ਦੇ ਨਗਰ ਪੁਲਸ ਸੁਪਰਡੈਂਟ ਸਵਰਨ ਪ੍ਰਭਾਤ ਨੇ ਦੱਸਿਆ ਕਿ ਪੁਲਸ ਨੇ ਕੁੜੀ ਸ਼ਿਵਾਨੀ ਸੋਲੰਕੀ ਦੇ ਚਾਚਾ ਅਭੈ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਚਚੇਰੇ ਭਰਾ ਰੋਸ਼ਨ ਸਿੰਘ ਅਤੇ ਸਕੇ ਭਰਾ ਸਾਹਿਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸ਼ਿਵਾਨੀ ਨੇ ਕੁਝ ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਦੌੜ ਕੇ ਦੇਵਘਰ 'ਚ ਵਿਆਹ ਕਰ ਲਿਆ ਸੀ ਅਤੇ ਉਹ ਆਪਣੇ ਘਰ ਤੋਂ ਵੱਖ ਰਹੀ ਸੀ ਪਰ ਦੀਵਾਲੀ ਮੌਕੇ ਕੁੜੀ ਦੀ ਮਾਂ ਨੇ ਉਸ ਨੂੰ ਘਰ ਬੁਲਾਇਆ ਅਤੇ ਉਸ ਦੇ ਘਰ ਆਉਣ 'ਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਸੁਪਰਡੈਂਟ ਸਵਰਨ ਪ੍ਰਭਾਤ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲੇ ਚੁੱਪ ਹਨ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            