‘ਬਿਸ਼ਪ’ ਦੇ ਘਰ EOW ਦਾ ਛਾਪਾ, ਵਿਦੇਸ਼ੀ ਕਰੰਸੀ ਦੇ ਨਾਲ ਕਰੋੜਾਂ ਦੀ ਨਕਦੀ ਬਰਾਮਦ
Thursday, Sep 08, 2022 - 03:21 PM (IST)
ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਆਰਥਿਕ ਅਪਰਾਧ ਸ਼ਾਖਾ (EOW) ਦੀ ਟੀਮ ਨੇ ਅੱਜ ਯਾਨੀ ਕਿ ਵੀਰਵਾਰ ਨੂੰ ‘ਦਿ ਬੋਰਡ ਆਫ਼ ਐਜੂਕੇਸ਼ਨ ਚਰਚ ਆਫ਼ ਨਾਰਥ ਇੰਡੀਆ’ ਜਬਲਪੁਰ ਡਾਯੋਸਿਕ ਦੇ ਨਿਵਾਸ ਅਤੇ ਦਫ਼ਤਰ ’ਚ ਛਾਪੇਮਾਰੀ ਕੀਤੀ। EOW ਜਬਲਪੁਰ ਦੇ ਪੁਲਸ ਅਧਿਕਾਰੀ ਦੇਵੇਂਦਰ ਪ੍ਰਤਾਪ ਸਿੰਘ ਮੁਤਾਬਕ ‘ਦਿ ਬੋਰਡ ਆਫ਼ ਐਜੂਕੇਸ਼ਨ ਚਰਚ ਆਫ਼ ਨਾਰਥ ਇੰਡੀਆ’ ਦੇ ਬਿਸ਼ਪ ਪੀ. ਸੀ. ਸਿੰਘ ਦੇ ਟਿਕਾਣਿਆਂ ਤੋਂ 1 ਕਰੋੜ 65 ਲੱਖ ਰੁਪਏ ਨਕਦੀ ਅਤੇ 18 ਹਜ਼ਾਰ ਰੁਪਏ ਦੇ ਡਾਲਰ ਮਿਲੇ ਹਨ।
ਇਸ ਤੋਂ ਇਲਾਵਾ ਧਾਰਮਿਕ ਸੰਸਥਾਵਾਂ, ਜਾਇਦਾਦ ਸਮੇਤ ਸੋਸਾਇਟੀ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਸਬੰਧ ’ਚ ਸ਼ਿਕਾਇਤ ਮਿਲੀ ਸੀ ਕਿ ਸੋਸਾਇਟੀ ਦੀਆਂ ਵੱਖ-ਵੱਖ ਸਿੱਖਿਅਕ ਸੰਸਥਾਵਾਂ ਤੋਂ ਪ੍ਰਾਪਤ ਹੋਣ ਵਾਲੀ ਵਿਦਿਆਰਥੀਆਂ ਦੀ ਫੀਸ ਦੀ ਰਾਸ਼ੀ ਦੀ ਵਰਤੋਂ ਧਾਰਮਿਕ ਸੰਸਥਾਵਾਂ ਨੂੰ ਚਲਾਉਣ ਅਤੇ ਖ਼ੁਦ ਦੇ ਇਸਤੇਮਾਲ ’ਚ ਕੀਤੀ ਜਾ ਰਹੀ ਹੈ।
ਜਾਂਚ ’ਚ ਸਾਲ 2004-05 ਤੋਂ 2011-2012 ਵਿਚਾਲੇ 2 ਕਰੋੜ 70 ਲੱਖ ਦੀ ਰਾਸ਼ੀ ਧਾਰਮਿਕ ਸੰਸਥਾਵਾਂ ਨੂੰ ਟਰਾਂਸਫਰ ਕਰਨ ਅਤੇ ਖ਼ੁਦ ਦੇ ਇਸਤੇਮਾਲ ’ਚ ਲੈ ਕੇ ਗਬਨ ਕਰਨ ਦਾ ਦੋਸ਼ ਸਹੀ ਪਾਇਆ ਗਿਆ। ਸਬੂਤਾਂ ਦੇ ਆਧਾਰ ’ਤੇ ਈ. ਓ. ਡਬਲਯੂ. ਨੇ ਦਸਤਾਵੇਜ਼ ਦੀ ਜ਼ਬਤੀ, ਗਬਨ ਦੀ ਰਾਸ਼ੀ, ਇਕੱਠੀ ਸੰਪਤੀ ਸਮੇਤ ਹੋਰਨਾਂ ਦੇ ਸਬੰਧ ’ਚ ਨੇਪੀਅਰ ਟਾਊਨ ਸਥਿਤ ਬਿਸ਼ਪ ਹਾਊਸ ਅਤੇ ਉਸ ਦੇ ਦਫ਼ਤਰ ’ਚ ਛਾਪੇਮਾਰੀ ਕੀਤੀ।